ਰੌਬਟ ਦੀ ਰਿਪੋਰਟ

ਚੰਡੀਗੜ੍ਹ: 'ਗੁਪਕਾਰ ਘੋਸ਼ਣਾ' ਕਾਫੀ ਸੁਰਖੀਆਂ ਵਿੱਚ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ 'ਗੁਪਕਾਰ ਘੋਸ਼ਣਾ' ਆਖਰ ਹੈ ਕੀ? ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ 'ਗੁਪਕਾਰ ਘੋਸ਼ਣਾ' ਹੈ ਕੀ। ਦਰਅਸਲ, ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਗੁਪਕਾਰ ਰੋਡ ਹੈ ਤੇ ਇਸੇ ਸੜਕ ਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦਾ ਨਿਵਾਸ ਸਥਾਨ ਹੈ। ਇੱਥੇ ਹੀ 4 ਅਗਸਤ, 2019 ਨੂੰ ਕਸ਼ਮੀਰ ਦੇ 8 ਸਥਾਨਕ ਦਲਾਂ ਨੇ ਬੈਠਕ ਕੀਤੀ ਸੀ।ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾਉਣ ਤੋਂ ਠੀਕ ਇੱਕ ਦਿਨ ਪਹਿਲਾਂ ਇਹ ਬੈਠਕ ਹੋਈ ਸੀ। ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ। ਇਸ ਮਾਹੌਲ ਵਿੱਚ ਹੀ ਕਸ਼ਮੀਰ ਦੀਆਂ ਪਾਰਟੀਆਂ ਨੇ ਅਬਦੁੱਲਾ ਦੀ ਰਿਹਾਇਸ਼ ‘ਤੇ ਇਹ ਮੀਟਿੰਗ ਕੀਤੀ। ਮੀਟਿੰਗ ਵਿੱਚ ਇੱਕ ਮਤਾ ਵੀ ਪਾਸ ਕੀਤਾ ਗਿਆ, ਜਿਸ ਨੂੰ 'ਗੁਪਕਾਰ ਘੋਸ਼ਣਾ' (Gupkar Declaration) ਦਾ ਨਾਮ ਦਿੱਤਾ ਗਿਆ। ਹੁਣ ਇੱਕ ਵਾਰ ਫੇਰ ਇਨ੍ਹਾਂ ਪਾਰਟੀਆਂ ਦੀ ਇੱਕ ਬੈਠਕ ਹੋਣ ਜਾ ਰਹੀ ਹੈ।


'ਗੁਪਕਾਰ ਘੋਸ਼ਣਾ' ਨਾਲ ਸਬੰਧਤ ਪਾਰਟੀਆਂ ਤੇ ਨੇਤਾ: ਫਾਰੂਕ ਅਬਦੁੱਲਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਨੈਸ਼ਨਲ ਕਾਨਫਰੰਸ, ਮਹਿਬੂਬਾ ਮੁਫ਼ਤੀ ਦੀ ਪੀਡੀਪੀ, ਪੀਪਲਜ਼ ਕਾਨਫਰੰਸ, ਪੈਂਥਰਜ਼ ਪਾਰਟੀ, ਸੀਪੀਆਈ (ਐਮ) ਆਦਿ ਪਾਰਟੀਆਂ ਨੇ ਹਿੱਸਾ ਲਿਆ ਸੀ। ਮੀਟਿੰਗ ਵਿੱਚ ਮੁਜ਼ੱਫਰ ਹੁਸੈਨ ਬੇਗ, ਅਬਦੁੱਲ ਰਹਿਮਾਨ ਵੀਰੀ, ਸੱਜਾਦ ਗਨੀ ਲੋਨ, ਅਧਿਕਾਰੀ ਬਣੇ ਆਗੂ ਸ਼ਾਹ ਫੈਜ਼ਲ, ਐਮ ਵਾਈ ਤਾਰੀਗਾਮੀ, ਉਮਰ ਅਬਦੁੱਲਾ ਹਾਜ਼ਰ ਸੀ।ਆਖਰ ਕੀ ਹੈ 'ਗੁਪਕਾਰ ਘੋਸ਼ਣਾ' ਦੀ ਮੰਗ

ਗੁਪਕਾਰ ਨਾਲ ਜੁੜੀਆਂ ਪਾਰਟੀਆਂ ਅਤੇ ਨੇਤਾ ਜੰਮੂ-ਕਸ਼ਮੀਰ ਨੂੰ ਮੁੜ ਸਪੈਸ਼ਲ ਸਟੇਟਸ ਦਵਾਉਣ, ਧਾਰਾ 370 ਅਤੇ ਧਾਰਾ 35 A, ਜੰਮੂ ਕਸ਼ਮੀਰ ਦਾ ਸੰਵਿਧਾਨ ਤੇ ਇਸ ਦੇ ਰਾਜ ਦੀ ਸਥਿਤੀ ਨੂੰ ਮੁੜ ਬਹਾਲ ਕਰਨ ਦੀ ਮੰਗ ਕਰਦਾ ਹੈ। ਇਨ੍ਹਾਂ ਪਾਰਟੀਆਂ ਨੇ ਇਸ ਲਈ ਸਮੂਹਕ ਲੜਾਈ ਲੜਨ ਦਾ ਸੰਕਲਪ ਲਿਆ ਹੈ।ਗੁਪਕਾਰ ਦਾ ਪਾਕਿਸਤਾਨ-ਚੀਨ ਕੁਨੈਕਸ਼ਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ 'ਗੁਪਕਾਰ ਘੋਸ਼ਣਾ' ਦੀ ਸ਼ਲਾਘਾ ਕੀਤੀ ਹੈ ਤੇ ਇਸ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ। ਹਾਲਾਂਕਿ ਫਾਰੂਕ ਅਬਦੁੱਲਾ ਨੇ ਕਿਹਾ ਕਿ ਅਸੀਂ ਇਹ ਕੰਮ ਕਿਸੇ ਦੇ ਇਸ਼ਾਰੇ 'ਤੇ ਨਹੀਂ ਕਰ ਰਹੇ ਹਾਂ। ਇਸੇ ਦੌਰਾਨ ਅਬਦੁੱਲਾ ਨੇ ਚੀਨ  ਨੂੰ ਲੈ ਕੇ ਬਿਆਨ ਦਿੱਤਾ ਸੀ ਜੋ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਅਬਦੁੱਲਾ ਨੇ ਕਿਹਾ ਸੀ ਕਿ ਧਾਰਾ 370 ਦੀ ਮੁੜ ਬਹਾਲੀ ਲਈ ਚੀਨ ਦੀ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕੀ ਕਸ਼ਮੀਰ ਦੇ ਲੋਕ ਚੀਨ ਦੇ ਨਾਲ ਰਹਿਣਾ ਚਾਹੁਣਗੇ।