Brij Bhushan Sharan Singh: ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਪਹਿਲਵਾਨ ਪਿਛਲੇ ਕਈ ਦਿਨਾਂ ਤੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਪ੍ਰਦਰਸ਼ਨ 'ਚ ਪਹਿਲਵਾਨ ਸਾਕਸ਼ੀ ਮਲਿਕ ਵੀ ਸ਼ਾਮਲ ਹੈ, ਜਿਸ ਦੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨਾਲ ਪੁਰਾਣੀ ਫੋਟੋ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਸਾਕਸ਼ੀ ਮਲਿਕ ਨੇ ਆਪਣੇ ਵਿਆਹ ਦੀ ਪੁਰਾਣੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਅਸਲ 'ਚ ਮਲਿਕ ਦੇ ਵਿਆਹ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਨ੍ਹਾਂ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰ ਸਾਕਸ਼ੀ ਮਲਿਕ ਨੂੰ ਪੁੱਛ ਰਹੇ ਹਨ ਕਿ ਉਸ ਨੇ ਬ੍ਰਿਜ ਭੂਸ਼ਣ ਨੂੰ ਆਪਣੇ ਵਿਆਹ 'ਚ ਕਿਵੇਂ ਬੁਲਾਇਆ?
ਚਿਨਮਈ ਸ਼੍ਰੀਪਦਾ ਦੇ ਟਵੀਟ ਨੂੰ ਰੀਟਵੀਟ ਕਰਕੇ ਜਵਾਬ ਦਿੱਤਾ
ਸਾਲ 2017 'ਚ ਸਾਕਸ਼ੀ ਮਲਿਕ ਦੇ ਵਿਆਹ ਦੀ ਵਾਇਰਲ ਹੋਈ ਫੋਟੋ 'ਚ ਸਾਕਸ਼ੀ ਮਲਿਕ ਨੂੰ ਬ੍ਰਿਜ ਭੂਸ਼ਣ ਸਿੰਘ ਨਾਲ ਦੇਖਿਆ ਜਾ ਸਕਦਾ ਹੈ। ਮਲਿਕ ਨੇ ਗਾਇਕਾ ਚਿਨਮਈ ਸ਼੍ਰੀਪਦਾ ਦੇ ਟਵੀਟ ਨੂੰ ਰੀਟਵੀਟ ਕੀਤਾ ਅਤੇ ਯੂਜ਼ਰਸ ਨੂੰ ਕਰਾਰਾ ਜਵਾਬ ਦਿੱਤਾ। ਸ਼੍ਰੀਪਦਾ ਨੇ ਇਕ ਯੂਜ਼ਰ ਦੇ ਜਵਾਬ 'ਚ ਲਿਖਿਆ ਕਿ ਜੇਕਰ ਔਰਤ ਨਾਲ ਛੇੜਛਾੜ ਕਰਨ ਵਾਲਾ ਸੱਤਾ 'ਚ ਬੈਠਾ ਹੋਵੇ ਤਾਂ ਕੋਈ ਵਿਕਲਪ ਨਹੀਂ ਹੁੰਦਾ।
...ਅਤੇ ਦਿਖਾਵਾ ਕਰਨਾ ਪੈਂਦਾ ਹੈ
ਉਨ੍ਹਾਂ ਨੇ ਅੱਗੇ ਲਿਖਿਆ ਹੈ- 'ਔਰਤਾਂ ਨੂੰ ਆਪਣੇ ਹੀ ਪਰਿਵਾਰ ਵਿੱਚ ਛੇੜਛਾੜ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਛੇੜਛਾੜ ਕਰਨ ਵਾਲੇ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ ਅਤੇ ਦਿਖਾਵਾ ਕਰਨਾ ਪੈਂਦਾ ਹੈ ਜਿਵੇਂ ਸਭ ਕੁਝ ਠੀਕ ਹੈ। ਮੈਂ ਸੱਚਮੁੱਚ ਆਸ ਕਰਦੀ ਹਾਂ ਕਿ ਛੇੜਛਾੜ ਅਤੇ ਬਲਾਤਕਾਰ ਦੇ ਇਹ ਸਾਰੇ ਸਮਰਥਕ ਧਰਤੀ ਤੋਂ ਗਾਇਬ ਹੋ ਜਾਣ'। ਦੱਸ ਦੇਈਏ ਕਿ ਜਨਵਰੀ ਤੋਂ ਬਾਅਦ ਦੂਜੀ ਵਾਰ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਹੋ ਰਿਹਾ ਹੈ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਹਨ। ਪਹਿਲਵਾਨਾਂ ਦੀ ਸ਼ਿਕਾਇਤ 'ਤੇ ਕਨਾਟ ਪਲੇਸ ਥਾਣੇ 'ਚ ਦੋ ਐੱਫ.ਆਈ.ਆਰ. ਕੀਤੀ ਗਈ ਹੈ।
ਉਧਰ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸ਼ਨੀਵਾਰ (29 ਅਪ੍ਰੈਲ) ਨੂੰ ਕਿਹਾ ਕਿ ਅਸਤੀਫਾ ਦੇਣਾ ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਹੈ, ਪਰ ਧਰਨੇ 'ਤੇ ਬੈਠੇ ਪਹਿਲਵਾਨਾਂ ਦੇ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਉਹ ਅਪਰਾਧੀ ਵਜੋਂ ਅਸਤੀਫਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ 'ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਹੈ। ਪਰ ਮੈਂ ਅਪਰਾਧੀ ਵਜੋਂ ਅਸਤੀਫਾ ਨਹੀਂ ਦੇਵਾਂਗਾ। ਮੈਂ ਅਪਰਾਧੀ ਨਹੀਂ ਹਾਂ। ਅਸਤੀਫਾ ਦੇਣ ਦਾ ਮਤਲਬ ਹੈ ਕਿ ਮੈਂ ਉਨ੍ਹਾਂ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।