ਨਵੀਂ ਦਿੱਲੀ: ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਨੌਜਵਾਨਾਂ ਦੀ ਭਰਤੀ ਲਈ ‘ਅਗਨੀਪਥ’ ਨਾਂ ਦੀ ਭਰਤੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਕੀਮ ਤਹਿਤ ਥਲ, ਜਲ ਤੇ ਹਵਾਈ ਸੈਨਾ ਵਿੱਚ ਚਾਰ ਸਾਲ ਲਈ ਠੇਕਾ ਆਧਾਰ ’ਤੇ ਨੌਜਵਾਨ ਭਰਤੀ ਕੀਤੇ ਜਾਣਗੇ। ਉਂਜ ਸਕੀਮ ਦਾ ਮੁੱਖ ਮੰਤਵ ਤਨਖਾਹ ਤੇ ਪੈਨਸ਼ਨ ਦੇ ਰੂਪ ਵਿੱਚ ਕੀਤੀ ਜਾਣ ਵਾਲੀ ਮੋਟੀ ਅਦਾਇਗੀ ’ਚ ਕਟੌਤੀ ਕਰਨਾ ਤੇ ਹਥਿਆਰਬੰਦ ਫੌਜਾਂ ਲਈ ਨੌਜਵਾਨਾਂ ਦਾ ਇਕ ਖਾਕਾ ਤਿਆਰ ਕਰਨਾ ਹੈ।



ਨਵੀਂ ਸਕੀਮ ’ਚ ਮਹਿਲਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਪਰ ਭਰਤੀ ਸਬੰਧਤ ਸੇਵਾਵਾਂ ਦੀ ਲੋੜ ’ਤੇ ਨਿਰਭਰ ਕਰੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਕਾਰ ਦੀ ਇਸ ਨਵੀਂ ਪੇਸ਼ਕਦਮੀ ਬਾਰੇ ਤਫ਼ਸੀਲ ਦਿੰਦਿਆਂ ਕਿਹਾ ਕਿ ‘ਅਗਨੀਪਥ’ ਸਕੀਮ ਤਹਿਤ ‘ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲੇ ਤੇ ਉਤਸ਼ਾਹੀ’ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿੱਚ ਚਾਰ ਸਾਲ ਸੇਵਾ ਕਰਨ ਦਾ ਮੌਕਾ ਮਿਲੇਗਾ।

ਦੂਜੇ ਪਾਸੇ ਕਾਂਗਰਸ ਨੇ ਤਿੰਨਾਂ ਸੈਨਾਵਾਂ ਵਿੱਚ ‘ਅਗਨੀਪਥ’ ਸਕੀਮ ਤਹਿਤ ਥੋੜ੍ਹੇ ਸਮੇਂ ਲਈ ਠੇਕਾ ਆਧਾਰ ’ਤੇ ਕੀਤੀ ਜਾਣ ਵਾਲੀ ਫੌਜੀਆਂ ਦੀ ਭਰਤੀ ਲਈ ਕੇਂਦਰ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਕਥਿਤ ਅਜਿਹੇ ਫੈਸਲੇ ਨਾਲ ਤਿੰਨਾਂ ਸੈਨਾਵਾਂ ਦੀ ਕਾਬਲੀਅਤ ਤੇ ਆਪਰੇਸ਼ਨਲ ਸਮਰੱਥਾ ਨਾਲ ‘ਸਮਝੌਤਾ’ ਹੋ ਸਕਦਾ ਹੈ। ਮੁੱਖ ਵਿਰੋਧੀ ਪਾਰਟੀ ਨੇ ਫ਼ਿਕਰ ਜ਼ਾਹਿਰ ਕੀਤਾ ਕਿ ਸਕੀਮ ਤਹਿਤ ਇਕ ਵਾਰ ਚਾਰ ਸਾਲਾ ਕਰਾਰ ਖ਼ਤਮ ਹੋਣ ਮਗਰੋਂ ਨੌਜਵਾਨਾਂ ਦੇ ਭਵਿੱਖ ਦਾ ਕੀ ਬਣੇਗਾ।

ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਫੌਜੀ ਮਾਹਿਰਾਂ, ਤਿੰਨਾਂ ਸੈਨਾਵਾਂ ਦੇ ਸਿਖਰਲੇ ਅਧਿਕਾਰੀਆਂ ਤੇ ਰੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਨੇ ਪੂਰੀ ਸਕੀਮ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸੁਰਜੇਵਾਲਾ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਅਜਿਹੇ ਫੈਸਲੇ ਲੈ ਕੇ ਭਾਰਤੀ ਹਥਿਆਰਬੰਦ ਬਲਾਂ ਦੇ ਮਾਣ ਸਨਮਾਨ, ਰਵਾਇਤਾਂ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਖੇਡ ਰਹੀ ਹੈ।

ਕੀ ਹੈ ‘ਅਗਨੀਪਥ’ ਭਰਤੀ ਯੋਜਨਾ ?
ਦੱਸ ਦਈਏ ਕਿ ਰੁਜ਼ਗਾਰ ਦੇ ਪਹਿਲੇ ਸਾਲ ‘ਅਗਨੀਵੀਰ’ ਦੀ ਮਾਸਿਕ ਤਨਖਾਹ 30,000 ਰੁਪਏ ਹੋਵੇਗੀ, ਹਾਲਾਂਕਿ ਹੱਥ ਵਿੱਚ ਮਿਲਣ ਵਾਲੀ ਰਕਮ 21,000 ਰੁਪਏ ਹੋਵੇਗੀ ਕਿਉਂਕਿ 9000 ਰੁਪਏ ਉਸ ਕੋਰ ਵਿੱਚ ਜਾਣਗੇ, ਜਿੱਥੇ ਸਰਕਾਰ ਬਰਾਬਰ ਦੀ ਰਕਮ ਦਾ ਹਿੱਸਾ/ਯੋਗਦਾਨ ਪਾਏਗੀ। ਦੂਜੇ, ਤੀਜੇ ਤੇ ਚੌਥੇ ਸਾਲ ਮਾਸਿਕ ਤਨਖਾਹ ਕ੍ਰਮਵਾਰ 33000, 36,500 ਤੇ 40,000 ਰੁਪਏ ਹੋਵੇਗੀ। ਹਰੇਕ ‘ਅਗਨੀਵੀਰ’ ਨੂੰ ‘ਸੇਵਾ ਨਿਧੀ ਪੈਕੇਜ’ ਤਹਿਤ 11.71 ਲੱਖ ਰੁਪਏ ਦੀ ਰਕਮ ਮਿਲੇਗੀ, ਜੋ ਆਮਦਨ ਕਰ ਟੈਕਸ ਤੋਂ ਮੁਕਤ ਹੋਵੇਗੀ।

ਉਂਜ ਨਵੇਂ ਰੰਗਰੂਟ ਗਰੈਚੁਟੀ ਤੇ ਪੈਨਸ਼ਨ ਲਾਭ ਦੇ ਹੱਕਦਾਰ ਨਹੀਂ ਹੋਣਗੇ, ਹਾਲਾਂਕਿ ਉਨ੍ਹਾਂ ਨੂੰ ਫੌਜ ਨਾਲ ਕੰਮ ਕਰਨ ਦੇ ਸਮੇਂ ਦੌਰਾਨ 48 ਲੱਖ ਰੁਪਏ ਦਾ ਨਾਨ-ਕੰਟਰੀਬਿਊਟਰੀ ਜੀਵਨ ਬੀਮਾ ਕਵਰ ਮਿਲੇਗਾ। ਚਾਰ ਸਾਲ ਦੀ ਸੇਵਾ ਪੂਰੀ ਕਰਨ ਮਗਰੋਂ ਸੰਸਥਾਗਤ ਲੋੜਾਂ ਤੇ ਫੌਜ ਵੱਲੋਂ ਸਮੇਂ ਸਮੇਂ ’ਤੇ ਐਲਾਨੀਆਂ ਨੀਤੀਆਂ ਮੁਤਾਬਕ ‘ਅਗਨੀਵੀਰਾਂ’ ਨੂੰ ਸਥਾਈ ਨਿਯੁਕਤੀ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।