ਭੁਵਨੇਸ਼ਵਰ: ਹਾਕੀ ਵਿਸ਼ਵ ਕੱਪ 'ਚ ਜਿੱਤ ਨਾਲ ਆਪਣੇ ਪ੍ਰਦਰਸ਼ਨ ਦੀ ਚੰਗੀ ਸ਼ੁਰੂਆਤ ਕਰਨ ਵਾਲੀ ਭਾਰਤੀ ਹਾਕੀ ਟੀਮ ਦਾ ਅਗਲਾ ਮੁਕਾਬਲਾ ਦੋ ਦਸੰਬਰ ਨੂੰ ਬੈਲਜ਼ੀਅਮ ਨਾਲ ਹੋਣਾ ਹੈ। ਇਸ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਆਪਣੀ ਰਣਨੀਤੀ ਬਾਰੇ ਗੱਲ ਕੀਤੀ ਹੈ।
ਆਪਣੇ ਅਗਲੇ ਮੈਚ ਬਾਰੇ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪੂਰੀ ਕੋਸ਼ਿਸ਼ ਕਰੇਗੀ ਕਿ ਉਹ ਬੈਲਜ਼ੀਅਮ ਨੂੰ ਗੋਲ ਕਰਨ ਦਾ ਘੱਟ ਤੋਂ ਘੱਟ ਮੌਕਾ ਦੇਣ। ਉਨ੍ਹਾਂ ਕਿਹਾ, "ਅਸੀਂ ਆਪਣੇ ਖੇਡ ‘ਚ ਕੁਝ ਸੁਧਾਰ ਕਰ ਰਹੇ ਹਾਂ, ਜਿਸ ਦੀ ਲੋੜ ਹੈ। ਦੱਖਣੀ ਅਫਰੀਕਾ ਖਿਲਾਫ ਮੈਚ 'ਚ ਸਾਨੂੰ ਗੋਲ ਕਰਨ ਦੇ ਕੁਝ ਮੌਕੇ ਮਿਲੇ, ਪਰ ਅਸੀਂ ਉਨ੍ਹਾਂ ਨੂੰ ਇਸਤੇਮਾਲ ਨਹੀਂ ਕਰ ਸਕੇ।"
ਮਨਪ੍ਰੀਤ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ, "ਅਸੀਂ ਮਿਲ ਰਹੇ ਮੌਕਿਆਂ ਨੂੰ ਗੋਲ ‘ਚ ਬਦਲਣ ਦਾ ਕੰਮ ਕਰਾਂਗੇ। ਨਹੀਂ ਤਾਂ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜ਼ੀਅਮ ਅੱਗੇ ਇਹ ਗਲਤੀ ਭਾਰੀ ਪੈ ਸਕਦੀ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਵਿਰੋਧੀ ਟੀਮ ਨੂੰ ਘੱਟੋ-ਘੱਟ ਮੌਕੇ ਦਈਏ। ਸਾਡਾ ਫੋਕਸ ਮੈਚ ਦੌਰਾਨ ਗੋਲ ਕਰਨ ‘ਤੇ ਰਹੇਗਾ।"
ਭਾਰਤੀ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਦੱਖਣੀ ਅਫਰੀਕਾ ਮੈਚ ‘ਚ ਪਨੈਲਟੀ ਕਾਰਨਰ ਦੇ ਗੋਲ ‘ਚ ਬਦਲਣ ਤੇ ਫੀਲਡ ਗੋਲ ਕਰਕੇ ਭਾਰਤੀ ਟੀਮ ਮੈਚ ਜਿੱਤਣ ‘ਚ ਕਾਮਯਾਬ ਰਹੀ। ਅਸੀਂ ਅੱਗੇ ਆਉਣ ਵਾਲੇ ਮੈਚਾਂ ‘ਚ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖਾਂਗੇ।