ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਪਾਕਿਸਤਾਨ ਆਧਾਰਤ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੀ ਤਸਵੀਰ 'ਤੇ ਸਵਾਲ ਚੁੱਕਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਝੂਠੇ ਜਿਹੇ ਪੈ ਗਏ ਜਾਪਦੇ ਹਨ। ਸਿੱਧੂ ਦੀ ਚਾਵਲਾ ਨਾਲ ਤਸਵੀਰ ਫੈਲਣ ਤੋਂ ਬਾਅਦ ਹੁਣ ਭਾਰਤ ਦੇ ਸਿੱਖਾਂ ਦੇ ਧਾਰਮਿਕ ਲੀਡਰ ਤੇ ਭਾਰਤ ਸਰਕਾਰ ਦੇ ਨੁਮਾਇੰਦੇ ਵੀ ਗੋਪਾਲ ਚਾਵਲਾ ਨਾਲ ਤਸਵੀਰਾਂ ਵਿੱਚ ਦੇਖੇ ਗਏ ਹਨ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੋਪਾਲ ਚਾਵਲਾ ਨਾਲ ਸੈਲਫ਼ੀ ਖਿਚਵਾਈ ਹੋਈ ਹੈ। ਇੱਕ ਹੋਰ ਤਸਵੀਰ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਵੀ ਗੋਪਾਲ ਚਾਵਲਾ ਨਾਲ ਖੜ੍ਹੇ ਵਿਖਾਈ ਦੇ ਰਹੇ ਹਨ। ਸਿੱਧੂ ਨਾਲ ਚਾਵਲਾ ਦੇ ਖੜ੍ਹੇ ਹੋਣ ਦੀ ਤਸਵੀਰ ਦਿਖਾਈ ਦਿੰਦਿਆਂ ਹੀ ਅਕਾਲੀ ਦਲ ਨੇ ਸਿੱਧੂ ਨੂੰ ਪੰਜਾਬ ਵਜ਼ਾਰਤ 'ਚੋਂ ਬਾਹਰ ਕੀਤੇ ਜਾਣ ਦੀ ਮੰਗ ਚੁੱਕ ਦਿੱਤੀ ਹੈ।
ਇਹ ਵੀ ਪੜ੍ਹੋ:


ਦਰਅਸਲ, ਗੋਪਾਲ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਨ। ਸਿੱਖਾਂ ਨਾਲ ਸਬੰਧਤ ਸਮਾਗਮਾਂ ਵਿੱਚ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਸ਼ਾਮਲ ਕਰਦੀ ਹੈ। ਬੀਤੇ ਕੱਲ੍ਹ ਵੀ ਸਿੱਧੂ ਤੇ ਕੇਂਦਰੀ ਮੰਤਰੀਆਂ ਨਾਲ ਚਾਵਲਾ ਦੀਆਂ ਇਹ ਤਸਵੀਰਾਂ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਵੱਖ-ਵੱਖ ਸਮੇਂ ਖਿੱਚੀਆਂ ਗਈਆਂ ਹਨ।



ਚਾਵਲਾ ਖ਼ਾਲਿਸਤਾਨੀ ਸਮਰਥਕ ਹੋਣ ਕਰਕੇ ਤੇ ਭਾਰਤ ਵਿਰੁੱਧ ਬਿਆਨਬਾਜ਼ੀ ਕਰਨ ਕਰਕੇ ਜਾਣਿਆ ਜਾਂਦਾ ਹੈ। ਬੀਤੇ ਦਿਨੀਂ ਉਸ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸਿੱਖ ਸੰਗਤ ਨਾਲ ਮੁਲਾਕਾਤ ਕਰਨ ਤੋਂ ਵੀ ਰੋਕਿਆ ਸੀ। ਹੁਣ ਆਪਣੇ ਨੇਤਾਵਾਂ ਦੀਆਂ ਤਸਵੀਰਾਂ ਵਿੱਚ ਵੀ ਚਾਵਲਾ ਦੀ ਸ਼ਮੂਲੀਅਤ ਕਾਰਨ ਅਕਾਲੀ ਦਲ ਖ਼ੁਦ ਹੀ ਬੈਕਫੁੱਟ 'ਤੇ ਆ ਗਿਆ ਹੈ।