ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਭਾਰਤ ਨੂੰ ਦੋਸਤੀ ਦਾ ਪੈਗ਼ਾਮ ਆਇਆ ਹੈ। ਹੁਣ ਇਸ ਦੋਸਤੀ ਦੇ ਸੱਦੇ ਨੂੰ ਭਾਰਤ ਸਵੀਕਾਰ ਕਰੇਗਾ ਜਾਂ ਨਹੀਂ ਇਹ ਭਾਰਤ ਸਰਕਾਰ 'ਤੇ ਨਿਰਭਰ ਕਰਦਾ ਹੈ। ਪਾਕਿਸਤਾਨ ਵੱਲੋਂ ਆ ਰਹੇ ਬਿਆਨਾਂ ਤੋਂ ਇਹ ਸਪਸ਼ਟ ਲੱਗ ਰਿਹਾ ਹੈ ਕਿ ਪਾਕਿਸਤਾਨ ਹੁਣ ਹਿੰਦੁਸਤਾਨ ਨਾਲ ਆਪਸੀ ਸਾਂਝ ਵਧਾਉਣ ਲਈ ਤਤਪਰ ਹੈ।


ਦਰਅਸਲ ਪਾਕਿਸਤਾਨ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਡਿਨਰ ਕਾਨਫਰੰਸ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਕੋਈ ਮਜ਼ਾਕ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਲਈ ਇਹ ਫੈਸਲਾ ਲਿਆ ਗਿਆ ਤੇ 11 ਮਹੀਨੇ 'ਚ ਹਰ ਹਾਲ 'ਚ ਕੌਰੀਡੋਰ ਦਾ ਕੰਮ ਮੁਕੰਮਲ ਕਰਨਾ ਹੈ।

ਕੁਰੈਸ਼ੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਡੇ ਵੱਲੋਂ ਹਰ ਕੰਮ ਖ਼ਤਮ ਕੀਤਾ ਜਾਣਾ ਸਾਡਾ ਮੰਤਵ ਰਹੇਗਾ। ਇਸ ਮੌਕੇ ਕੁਰੈਸ਼ੀ ਨੇ ਇਹ ਵੀ ਕਿਹਾ ਕਿ ਅਸੀਂ ਦੋਵਾਂ ਮੁਲਕਾਂ 'ਚ ਕ੍ਰਿਕਟ ਸ਼ੁਰੂ ਕਰਨਾ ਚਾਹੁੰਦੇ ਹਾਂ। ਇਸ ਬਾਬਤ ਇਮਰਾਨ ਖਾਨ ਨੇ ਸਾਲ 2015 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਵੀ ਕੀਤੀ ਸੀ ਜੋ ਮੋਦੀ ਨੇ ਹੱਸ ਕੇ ਟਾਲ ਦਿੱਤੀ।

ਕੁਰੈਸ਼ੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਪ੍ਰਸਤਾਵ ਤੋਂ ਪਾਕਿਸਤਾਨ ਕਾਫ਼ੀ ਖੁਸ਼ ਹੈ। ਇਸ ਦੇ ਨਾਲ ਹੀ ਭਾਰਤ ਤੋਂ ਹੋਰ ਵੀ ਵੱਡੀਆਂ ਆਸਾਂ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦੁਨੀਆਂ ਭਰ 'ਚੋਂ ਚੰਗੀ ਪ੍ਰਤੀਕ੍ਰਿਆ ਮਿਲੀ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਨਾਲ ਗੱਲਬਾਤ ਦਾ ਮੁੱਦਾ ਦੁਹਰਾਇਆ। ਉਨ੍ਹਾਂ ਕਿਹਾ ਕਿ ਜੇਕਰ ਅਜੇ ਗੱਲਬਾਤ ਲਈ ਰਾਜਨੀਤਕ ਮਾਹੌਲ ਨਹੀਂ ਤਾਂ ਸਾਰਕ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚਾਹੇ ਤਾਂ ਇਸ ਯਤਨ ਨੂੰ ਵੀ ਖ਼ਤਮ ਕਰ ਸਕਦਾ ਹੈ ਪਰ ਪਾਕਿਸਤਾਨ ਸਭ ਕੁਝ ਠੀਕ ਕਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਖੱਟੇ ਮਨ ਨਾਲ ਚੀਜ਼ਾਂ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਹਵਾ 'ਚ ਉੱਡਦੇ ਹੀ ਦੇਖਿਆ ਗਿਆ ਹੈ। ਕੁਰੈਸ਼ੀ ਨੇ ਕਿਹਾ ਪਾਕਿਸਤਾਨ ਅੱਗੇ ਵਧ ਚੁੱਕਾ ਹੈ। ਦੋਵਾਂ ਦੇਸ਼ਾਂ 'ਚ ਜੰਗ ਮੁਮਕਿਨ ਨਹੀਂ ਹੈ। ਅਸੀਂ ਆਪਣੇ ਪਾਸੇ ਮਾਹੌਲ ਸਿਰਜ ਚੁੱਕੇ ਹਾਂ। ਹੁਣ ਭਾਰਤ ਵੱਲੋਂ ਸ਼ਾਂਤੀ ਦਾ ਮਾਹੌਲ ਬਣਨਾ ਚਾਹੀਦਾ।