ਲਾਹੌਰ: ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਸ਼ੁਰੂ ਕੀਤੇ ਜਾਣ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਪਾਕਿਸਤਾਨ ਸਰਕਾਰ ਦੇ ਸਮਾਗਮ ਵਿੱਚ ਭਾਰਤੀ ਮਹਿਮਾਨਾਂ ਨੂੰ ਵੀ ਸੰਬੋਧਨ ਕਰਨ ਦਾ ਮੌਕਾ ਮਿਲਿਆ। ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿੱਚ ਕਾਫੀ ਪਿਆਰ ਮਿਲ ਰਿਹਾ ਹੈ, ਉੱਥੇ ਹੀ ਸਥਾਨਕ ਮੀਡੀਆ ਵੱਲੋਂ ਹਰਸਿਮਰਤ ਬਾਦਲ ਤੇ ਸੁਸ਼ਮਾ ਸਵਰਾਜ ਦੀ ਖਿਚਾਈ ਵੀ ਹੋ ਰਹੀ ਹੈ।
ਪਾਕਿਸਤਾਨ ਦੇ ਨਿਊਜ਼ ਚੈਨਲ 'ਤੇ ਚਰਚਾ ਦੌਰਾਨ ਬੈਠੇ ਵਿਸ਼ਾ ਮਾਹਰਾਂ ਨੇ ਕਿਹਾ ਕਿ ਨਵਜੋਤ ਸਿੱਧੂ ਜਦ ਪਾਕਿਸਤਾਨ ਆਏ ਸੀ ਤਾਂ ਉਨ੍ਹਾਂ ਤੇ ਪਾਕਿ ਫ਼ੌਜ ਮੁਖੀ ਜਾਵੇਦ ਕਮਰ ਬਾਜਵਾ ਦੀ ਮੁਲਾਕਾਤ ਨਾਲ ਕਰਤਾਰਪੁਰ ਕੌਰੀਡੋਰ ਦੀ ਗੱਲ ਅੱਗੇ ਵਧੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦੇ ਕਾਰਨ ਹੀ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਰੱਖੀ ਜਾ ਰਹੀ ਹੈ। ਅੱਜ ਆਪਣੇ ਸੰਬੋਧਨ ਦੌਰਾਨ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਕਿਹਾ ਸੀ ਕਿ ਜੇਕਰ ਸਿੱਧੂ ਇੱਥੋਂ ਚੋਣ ਲੜਨ ਤਾਂ ਜ਼ਰੂਰ ਜਿੱਤ ਜਾਣਗੇ।
ਚਰਚਾ ਵਿੱਚ ਬੈਠੇ ਪੈਨਲਿਸਟ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿੱਧੂ ਨਾਲ ਜਿਨ੍ਹਾਂ ਨੂੰ ਭੇਜਿਆ ਹੈ, ਉਨ੍ਹਾਂ ਨਾਲ ਸਿੱਧੂ ਦੀ ਅਣਬਣ ਹੈ ਤੇ ਅਜਿਹੇ ਵਿੱਚ ਇਸ ਸਮਾਗਮ ਬਾਰੇ ਭਾਰਤ ਦਾ ਰੁਖ਼ ਵੀ ਸਮਝਿਆ ਜਾ ਸਕਦਾ ਹੈ। ਜੀਓ ਨਿਊਜ਼ ਦੀ ਐਂਕਰ ਨੇ ਕਿਹਾ ਕਿ ਸੁਸ਼ਮਾ ਨੇ ਪਾਕਿਸਤਾਨ ਦੇ ਗੱਲਬਾਤ ਦੇ ਸੱਦੇ ਨੂੰ ਠੁਕਰਾਇਆ ਹੈ। ਇਸ 'ਤੇ ਪੈਨਲ ਵਿੱਚ ਬੈਠੇ ਹਾਮਿਦ ਮੀਰ ਨੇ ਕਿਹਾ ਕਿ ਸੁਸ਼ਮਾ ਸਵਰਾਜ ਕਰਤਾਰਪੁਰ ਲਾਂਘੇ 'ਤੇ ਆਪਣੇ ਬਿਆਨ ਵਾਰ-ਵਾਰ ਬਦਲ ਰਹੀ ਹੈ, ਪਹਿਲਾਂ ਉਹ ਕਹਿ ਰਹੇ ਸੀ ਕਿ ਉਨ੍ਹਾਂ ਦੀ ਥਾਂ ਮੰਤਰੀ ਜਾਣਗੇ ਤੇ ਫਿਰ ਕਹਿ ਰਹੇ ਹਨ ਕਿ ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ।
ਜ਼ਿਕਰਯੋਗ ਹੈ ਕਿ ਅੱਜ ਯਾਨੀ 28 ਨਵੰਬਰ ਨੂੰ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਤੋਂ ਕੌਮਾਂਤਰੀ ਸਰਹੱਦ ਤਕ ਚਾਰ ਕਿਲੋਮੀਟਰ ਲੰਮੇ ਵਿਸ਼ੇਸ਼ ਗਲਿਆਰੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਮੌਕੇ ਭਾਰਤ ਤੋਂ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਹਰਦੀਪ ਸਿੰਘ ਪੁਰੀ ਦੇ ਨਾਲ ਸਿਆਸੀ ਤੇ ਧਾਰਮਿਕ ਆਗੂ ਵੀ ਪੁੱਜੇ ਸਨ।
ਇਸ ਮੌਕੇ ਜਿੱਥੇ ਸਿੱਧੂ ਤੇ ਇਮਰਾਨ ਨੇ ਇੱਕ-ਦੂਜੇ ਦੀ ਦੋਸਤੀ ਦੇ ਸੋਹਲੇ ਗਾਏ, ਉੱਥੇ ਹੀ ਬਾਦਲ ਨੇ ਮੋਦੀ ਸਰਕਾਰ ਦਾ ਗੁਣਗਾਣ ਕੀਤਾ। ਦੋਵਾਂ ਦੇਸ਼ਾਂ ਦਰਮਿਆਨ ਇਹ ਲਾਂਘਾ ਸ਼ਾਂਤੀ ਦਾ ਸੂਚਕ ਬਣ ਸਕਦਾ ਹੈ, ਜੋ ਅਗਲੇ ਸਾਲ ਨਵੰਬਰ ਮਹੀਨੇ ਯਾਨੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਲਾਂਘੇ ਰਾਹੀਂ ਭਾਰਤੀ ਸ਼ਰਧਾਲੂ ਬਗ਼ੈਰ ਵੀਜ਼ਾ ਦੇ ਪਾਕਿਸਤਾਨ ਸਥਿਤ ਇਸ ਗੁਰਧਾਮ ਦੇ ਦਰਸ਼ਨ ਕਰ ਸਕਣਗੇ।