ਚੰਡੀਗੜ੍ਹ: ਅਮਰੀਕਾ ਵਿੱਚ ਸੀਰੀਅਲ ਕਿੱਲਰ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੈਮਿਊਅਲ ਲਿਟਲ ਨਾਂ ਦੇ ਅਮਰੀਕੀ ਨਾਗਰਿਕ ਨੇ ਮੰਨ ਲਿਆ ਹੈ ਕਿ ਉਸ ਨੇ 90 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਉਸ ਤੋਂ ਵੀ ਖ਼ਤਰਨਾਕ ਇਹ ਹੈ ਕਿ 78 ਸਾਲਾਂ ਦੇ ਇਸ ਮੁਲਜ਼ਮ ਨੇ ਇਹ ਕਤਲ 50 ਸਾਲ ਤੋਂ ਵੱਧ ਸਮੇਂ ਵਿੱਚ ਕੀਤੇ, ਯਾਨੀ ਅਮਰੀਕੀ ਜ਼ਮੀਨ ’ਤੇ ਲਗਪਗ ਪੰਜ ਦਹਾਕਿਆਂ ਤਕ ਇਹ ਕਾਤਲ ਸ਼ਰ੍ਹੇਆਮ ਘੁੰਮਦਾ ਰਿਹਾ। ਟੈਕਸਾਸ ਨਾਲ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਿਟਲ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਸੀਰੀਅਲ ਕਾਤਲਾਂ ਵਿੱਚੋਂ ਇੱਕ ਐਲਾਨਿਆ ਜਾ ਸਕਦਾ ਹੈ।

ਇਸ ਮਾਮਲੇ ਦੀ ਜਾਂਚ ਕਰਨ ਵਾਲਿਆਂ ਕਿਹਾ ਹੈ ਕਿ ਮੁਸ਼ਕਲ ਨਾਲ ਉਹ 30 ਕਤਲਾਂ ਦੇ ਹੀ ਲਿਟਲ ਨਾਲ ਤਾਰ ਜੋੜ ਪਾਏ। ਉਨ੍ਹਾਂ ਕੋਲ ਕੋਈ ਅਜਿਹਾ ਕਾਰਨ ਨਹੀਂ ਜਿਸ ਨਾਲ ਉਹ ਲਿਟਲ ਵੱਲੋਂ ਸਵੀਕਾਰੇ ਗਏ ਦੋਸ਼ਾਂ ਨੂੰ ਨਾਕਾਰ ਸਕਣ। ਲਿਟਲ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਲੋਕਾਂ ਦਾ ਗਲਾ ਘੁੱਟਣ ਬਾਅਦ ਉਸ ਨੂੰ ਸੈਕਸ ਸਬੰਧੀ ਸਰੀਰਕ ਆਨੰਦ ਮਿਲਦਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਲਿਟਲ ਨੇ ਸਾਰੇ ਕਤਲ ਮਾਮਲਿਆਂ ਸਬੰਧੀ ਹਰ ਰੋਜ਼ ਕੋਈ ਨਾ ਕੀ ਨਵਾਂ ਖ਼ੁਲਾਸਾ ਕੀਤਾ। ਉਹ ਨਾਈਟ ਕਲੱਬ ਤੇ ਬਾਰ ਵਰਗੀਆਂ ਥਾਵਾਂ ’ਤੇ ਜ਼ਿਆਦਾਤਰ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਤੇ ਫਿਰ ਆਪਣੀ ਗੱਡੀ ਵਿੱਚ ਲਿਜਾ ਕੇ ਉਨ੍ਹਾਂ ਦਾ ਗਲਾ ਘੁੱਟ ਦਿੰਦਾ ਸੀ। ਪਹਿਲਾਂ ਹੀ ਉਹ ਤਿੰਨ ਮਹਿਲਾਵਾਂ ਦੇ ਕਤਲ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਨੇ ਘੱਟੋ-ਘੱਟ 14 ਹੋਰ ਰਾਜਾਂ ਵਿੱਚ ਹੋਰ ਕਤਲ ਕੀਤੇ ਹਨ।