ਚੰਡੀਗੜ੍ਹ: 60 ਘੰਟਿਆਂ ਤਕ ਪਾਕਿਸਤਾਨ ਦੇ ਕਬਜ਼ੇ ਵਿੱਚ ਰਹੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਕੱਲ੍ਹ ਦੇਰ ਰਾਤ ਵਾਹਗਾ-ਅਟਾਰੀ ਬਾਰਡਰ ਰਾਹੀਂ ਭਾਰਤ ਵਾਪਸ ਪਰਤ ਆਏ ਹਨ। ਇੱਥੋਂ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ ਜਿੱਥੇ ਹਵਾਈ ਫੌਜ ਮੁਖੀ ਬੀਐਸ ਧਨੋਆ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨਾਲ ਮਿਲਾਇਆ ਗਿਆ। ਉਨ੍ਹਾਂ ਦੇ ਪਿਤਾ ਵੀ ਹਵਾਈ ਫੌਜ ਵਿੱਚ ਰਹਿ ਚੁੱਕੇ ਹਨ ਅਤੇ ਮਾਂ ਡਾਕਟਰ ਹੈ।

ਇਸ ਦੇ ਇਲਾਵਾ ਉਨ੍ਹਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠਾਕ ਹਨ ਤੇ ਜਲਦ ਡਿਊਟੀ ’ਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਹੋਣ ਦੀ ਸੂਰਤ ਵਿੱਚ ਹੀ ਉਹ ਸ੍ਰੀਨਗਰ ਨੇੜੇ ਅਵੰਤੀਪੁਰਾ ਵਿੱਚ ਆਪਣੀ ਯੂਨਿਟ ’ਚ ਵਾਪਸ ਜਾਣਗੇ। ਫਿਲਹਾਲ ਉਹ ਹਵਾਈ ਫੌਜ ਅਧਿਕਾਰੀ ਦੀ ਮੈਸ ਵਿੱਚ ਰਹਿਣਗੇ।



ਅੱਜ ਅਭਿਨੰਦਨ ਦਾ ਮੈਡੀਕਲ ਕਰਾਇਆ ਗਿਆ। ਹਾਲੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਸਮਾਂ ਬਾਕੀ ਹਨ। ਉਨ੍ਹਾਂ ਨੂੰ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀ ਬ੍ਰੀਫਿੰਗ ਕਰਨੀ ਪਏਗੀ। ਹਵਾਈ ਫੌਜ ਮੁਖੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਪਾਕਿਸਤਾਨ ਵਿੱਚ ਉਨ੍ਹਾਂ ਦੀ ਹਿਰਾਸਤ ਨਾਲ ਸਬੰਧਿਤ ਸਾਰੀ ਜਾਣਕਾਰੀ ਦੱਸੀ। ਕੱਲ੍ਹ ਉਨ੍ਹਾਂ ਦੀ ਵਤਨ ਵਾਪਸੀ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਈ ਸੂਬਿਆਂ ਦੇ ਮੁੱਖ ਮੰਤਰੀ ਤੇ ਵੱਖ-ਵੱਖ ਦਲਾਂ ਦੇ ਲੀਡਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।