ਨਵੀਂ ਦਿੱਲੀ: ਕਸੌਲੀ 'ਚ ਹੋਟਲ ਦੀ ਨਾਜਾਇਜ਼ ਉਸਾਰੀ ਡੇਗਣ ਗਈ ਮਹਿਲਾ ਅਫਸਰ ਦੀ ਹੱਤਿਆ ਦਾ ਸੁਪਰੀਮ ਕੋਰਟ ਨੇ ਕਰੜਾ ਨੋਟਿਸ ਲਿਆ ਹੈ। ਅਦਾਲਤ ਨੇ ਹਿਮਾਚਲ ਸਰਕਾਰ ਨੂੰ ਝਾੜ ਪਾਉਂਦਿਆਂ ਰਿਪੋਰਟ ਤਲਬ ਕਰ ਲਈ ਹੈ। ਮਾਮਲੇ ਦੀ ਅਗਲੀ ਸੁਣਵਾਈ ਭਲਕੇ ਹੋਏਗੀ।   ਮਹਿਲਾ ਅਫਸਰ ਸ਼ਸ਼ੀਬਾਲਾ ਸ਼ਰਮਾ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਹੀ ਆਪਣੀ ਟੀਮ ਨਾਲ ਨਜਾਇਜ਼ ਉਸਾਰੀ ਹਟਾਉਣ ਗਈ ਸੀ। ਅਦਾਲਤ ਨੇ 14 ਨਾਜਾਇਜ਼ ਹੋਟਲਾਂ ਨੂੰ ਡੇਗਣ ਦੇ ਆਦੇਸ਼ ਦਿੱਤੇ ਸੀ। ਇਸ ਲਈ ਅਦਾਲਤ ਨੇ ਇਸ ਨੂੰ ਬੇਹੱਦ ਗੰਭੀਰ ਮਾਮਲਾ ਕਰਾਰ ਦਿੰਦੇ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਕਿਹਾ ਹੈ ਕਿ ਟੀਮ ਦੀ ਸੁਰੱਖਿਆ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਪੁਲਿਸ ਇਸ ਵਿੱਚ ਨਾਕਾਮ ਰਹੀ। ਯਾਦ ਰਹੇ ਮੰਗਲਵਾਰ ਨੂੰ ਨਾਜਾਇਜ਼ ਉਸਾਰੀ ਹਟਾਉਣ ਗਈ ਟੀਮ 'ਤੇ ਨਾਰਾਇਨੀ ਗੈਸਟ ਹਾਊਸ ਦੇ ਮਾਲਕ ਨੇ ਗੋਲੀ ਚਲਾ ਦਿੱਤੀ ਸੀ। ਗੋਲੀ ਲੱਗਣ ਨਾਲ ਅਸਿਸਟੈਂਟ ਟਾਊਨ ਪਲੈਨਰ ਸ਼ੈਲਬਾਲਾ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੁਪਰੀਮ ਕੋਰਟ ਦੇ ਜਸਟਿਸ ਬੀਲੋਕੁਰ ਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਕਿਹਾ ਕਿ ਉਨ੍ਹਾਂ ਟੀਵੀ ਉੱਪਰ ਵੇਖਿਆ ਕਿ ਹੋਟਲ ਮਾਲਕ ਕਿਵੇਂ ਟੀਮ ਨਾਲ ਬਹਿਸ ਕਰ ਰਿਹਾ ਸੀ। ਪੁਲਿਸ ਕੋਲ ਖੜ੍ਹੀ ਸਭ ਵੇਖ ਰਹੀ ਸੀ। ਕੀ ਪੁਲਿਸ ਗੋਲੀ ਚੱਲਣ ਦੀ ਉਡੀਕ ਕਰ ਰਹੀ ਸੀ? ਗੋਲੀ ਚੱਲਣ ਮਗਰੋਂ ਵੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ।