ਨਵੀਂ ਦਿੱਲੀ: ਹੜ੍ਹਾਂ ਦੀ ਮਾਰ ਝੱਲ ਰਹੇ ਕੇਰਲ ਦੇ ਸ਼ਹਿਰ ਕੋਚੀ 'ਚ ਭਾਰਤੀ ਸੈਨਾ ਬਚਾਅ ਮੁਹਿੰਮ ਦੌਰਾਨ ਇਕ ਗਰਭਵਤੀ ਨੂੰ ਸੁਰੱਖਿਅਤ ਬਚਾਉਣ 'ਚ ਕਾਮਯਾਬ ਰਹੀ। ਦਰਅਸਲ ਹੜ੍ਹਾਂ 'ਚ ਘਿਰੇ ਗਰਭਵਤੀ ਮਹਿਲਾ ਦੇ ਘਰ ਹੈਲੀਕਾਪਟਰ ਰਾਹੀਂ ਡਾਕਟਰਾਂ ਨੂੰ ਪਹੁੰਚਾਇਆ ਗਿਆ ਪਰ ਹਾਲਤ ਗੰਭੀਰ ਦੇਖਦਿਆਂ ਮਹਿਲਾ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਜਿੱਥੇ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਜਲ ਸੈਨਾ ਨੇ ਇਸ ਬਚਾਅ ਆਪਰੇਸ਼ਨ ਨੂੰ 'ਆਪਰੇਸ਼ਨ ਕਿਲਕਾਰੀ' ਨਾਂਅ ਦਿੱਤਾ ਹੈ। ਦਰਅਸਲ ਹੈਲੀਕਾਪਟਰ ਦੀ ਮਦਦ ਜ਼ਰੀਏ ਗਰਭਵਤੀ ਮਹਿਲਾ ਨੂੰ ਏਅਰਲਿਫਟ ਕਰਦਿਆਂ ਸੈਨਿਕ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਆਪਰੇਸ਼ਨ ਜ਼ਰੀਏ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ।
ਕੇਰਲ 'ਚ ਇਨ੍ਹੀਂ ਦਿਨੀਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਸੂਬੇ 'ਚ ਸੜਕੀ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੇਰਲ 'ਚ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ 500 ਕਰੋੜ ਰੁਪਏ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।