ਚੰਡੀਗੜ੍ਹ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦੀ ਬੈਠਕ 'ਚ ਸ਼ਿਰਕਤ ਨਾ ਕਰਨ ਬਦਲੇ ਪਾਣੀਪਤ ਦੀ ਐਸਪੀ ਤੇ ਮਹਿਲਾ ਆਈਪੀਐਸ ਸੰਗੀਤਾ ਕਾਲੀਆ ਦਾ ਇੱਕ ਵਾਰ ਫਿਰ ਤਬਾਦਲਾ ਕਰ ਦਿੱਤਾ ਗਿਆ। ਦੋ ਸਾਲ ਪਹਿਲਾਂ ਵੀ ਅਨਿਲ ਵਿੱਜ ਦੀ ਸ਼ਿਕਾਇਤ ਨਿਬੇੜਾ ਬੈਠਕ 'ਚ ਬੋਲਣ ਕਾਰਨ ਸੰਗੀਤਾ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਫਤਿਹਾਬਾਦ ਐਸਪੀ ਦੇ ਅਹੁਦੇ 'ਤੇ ਸੀ।
ਜ਼ਿਕਰਯੋਗ ਹੈ ਕਿ 30 ਜੂਨ ਨੂੰ ਇੱਕ ਵਾਰ ਫਿਰ ਅਨਿਲ ਵਿੱਜ ਦੀ ਸ਼ਿਕਾਇਤ ਨਿਬੇੜਾ ਬੈਠਕ ਹੋਈ ਸੀ ਜਿਸ 'ਚ ਸੰਗੀਤਾ ਕਾਲੀਆ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਪਿਛਲੀ ਵਾਰ ਦੇ ਵਿਵਾਦ ਕਾਰਨ ਉਨ੍ਹਾਂ ਬੈਠਕ 'ਚ ਹਿੱਸਾ ਨਹੀਂ ਲਿਆ। ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਉਨ੍ਹਾਂ ਦੇ ਵਿਭਾਗ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਗੱਲਬਾਤ ਨਹੀਂ ਹੋ ਸਕੀ।
ਦੱਸਿਆ ਜਾ ਰਿਹਾ ਹੈ ਕਿ ਅਨਿਲ ਵਿੱਜ ਨੇ ਸੰਗੀਤਾ ਕਾਲੀਆ ਦੀ ਗੈਰਹਾਜ਼ਰੀ ਦੀ ਸ਼ਿਕਾਇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲ ਵੀ ਕੀਤੀ ਤੇ ਉਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ ਸੀ। ਤਾਜ਼ਾ ਮਾਮਾਲੇ 'ਚ ਤਬਾਦਲਾ ਕਰਦਿਆਂ ਸਰਕਾਰ ਨੇ ਸੰਗੀਤਾ ਕਾਲੀਆ ਨੂੰ ਗੁਰੂਗ੍ਰਾਮ ਦੇ ਭੋਂਡਸੀ 'ਚ ਕਮਾਡੈਂਟ ਦੇ ਅਹੁਦੇ 'ਤੇ ਤਾਇਨਾਤ ਕੀਤਾ ਹੈ। ਸੰਗੀਤਾ ਤੋਂ ਇਲਾਵਾ ਅੱਠ ਹੋਰ ਆਈਪੀਐਸ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 2015 'ਚ ਅਨਿਲ ਵਿੱਜ ਦੀ ਮੀਟਿੰਗ 'ਚ ਗੈਰਕਾਨੂੰਨੀ ਸ਼ਰਾਬ ਵਿਕਰੀ ਦੇ ਮੁੱਦੇ 'ਤੇ ਸੰਗੀਤਾ ਕਾਲੀਆ ਨਾਲ ਬਹਿਸ ਹੋ ਗਈ ਸੀ। ਅਨਿਲ ਵਿੱਜ ਨੇ ਉਨ੍ਹਾਂ ਨੂੰ ਮੀਟਿੰਗ ਵਿਚਾਲੇ ਹੀ ਛੱਡਣ ਲਈ ਕਹਿ ਦਿੱਤਾ ਸੀ ਤੇ ਬਾਅਦ 'ਚ ਸੰਗੀਤਾ ਦਾ ਫਤਿਹਾਬਾਦ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ।