ਨਵੀਂ ਦਿੱਲੀ: ਦੇਸ਼ ਵਿੱਚ ਬੱਚਾ ਚੋਰੀ ਦੀਆਂ ਅਫ਼ਵਾਹਾਂ ਤੋਂ ਬਾਅਦ ਪਿਛਲੇ ਦੋ ਮਹੀਨਿਆਂ ਵਿੱਚ ਹੁਣ ਤਕ ਭੀੜ ਨੇ 25 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਮਹਾਰਾਸ਼ਟਰ ਵਿੱਚ ਪਿਛਲੇ ਡੇਢ ਮਹੀਨੇ ਵਿੱਚ ਬੱਚਾ ਚੋਰੀ ਦੀਆਂ ਅਫ਼ਵਾਹਾਂ 'ਤੇ ਯਕੀਨ ਕਰ ਭੀੜ ਨੇ ਲੋਕਾਂ ਨੂੰ ਕੁੱਟ-ਕੁੱਟ ਹੀ ਮਾਰ ਦਿੱਤਾ। ਅਜਿਹੀਆਂ 14 ਘਟਨਾਵਾਂ ਵਿੱਚ ਗੁੱਸੇ 'ਚ ਆਈ ਭੀੜ ਨੇ 25 ਲੋਕਾਂ ਦੀ ਜਾਨ ਲੈ ਲਈ।
ਦਰਅਸਲ, ਲੋਕ ਬਿਨਾ ਸੋਚੇ ਸਮਝੇ ਅਫ਼ਵਾਹਾਂ ਵਾਲੇ ਮੈਸੇਜ ਨੂੰ ਪੜ੍ਹ ਰਹੇ ਹਨ ਤੇ ਅੱਗੇ ਵਧਾ ਰਹੇ ਹਨ। ਇਸ ਤਰ੍ਹਾਂ ਇੱਕ ਫ਼ੋਨ ਰਾਹੀਂ ਹੁੰਦੇ ਹੋਏ ਅਫ਼ਵਾਹਾਂ ਦਾ ਇਹ ਖ਼ੌਫ ਇੱਕ ਫ਼ੋਨ ਤੋਂ ਦੂਜੇ ਫ਼ੋਨ ਤਕ ਪੁੱਜ ਰਿਹਾ ਹੈ। ਪਿੰਡ-ਪਿੰਡ ਸ਼ਹਿਰ-ਸ਼ਹਿਰ ਵਾਇਰਲ ਮੈਸੇਜ ਲੋਕਾਂ ਨੂੰ ਡਰਾ ਰਹੇ ਹਨ।
ਕੀ ਲਿਖਿਆ ਵਾਇਰਲ ਮੈਸੇਜ ਵਿੱਚ?
ਵਾਇਰਲ ਮੈਸੇਜ ਵਿੱਚ ਤਸਵੀਰ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਕਿਰਪਾ ਕਰਕੇ ਸਾਵਧਾਨ ਰਹੋ ਮਟੋਲ ਗਗਾਸ ਮਨੇਲਾ ਆਦਿ ਥਾਵਾਂ 'ਤੇ 15-20 ਲੋਕਾਂ ਦੀ ਟੋਲੀ ਆਈ ਹੈ, ਉਨ੍ਹਾਂ ਨਾਲ ਬੱਚੇ ਵੀ ਹਨ ਤੇ ਔਰਤਾਂ ਵੀ। ਉਨ੍ਹਾਂ ਕੋਲ ਹਥਿਆਰ ਵੀ ਹਨ। ਅੱਧੀ ਰਾਤ ਨੂੰ ਕਿਸੇ ਵੀ ਸਮੇਂ ਆਉਂਦੇ ਹਨ ਤੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਕਿਰਪਾ ਕਰਕੇ ਦਰਵਾਜ਼ਾ ਨਾ ਖੋਲ੍ਹੋ। ਪਲੀਜ਼ ਵੱਧ ਤੋਂ ਵੱਧ ਗਰੁੱਪ ਵਿੱਚ ਸ਼ੇਅਰ ਕਰੋ। ਇਹ ਸਥਾਨਕ ਪੁਲਿਸ ਵੱਲੋਂ ਸੰਦੇਸ਼ ਹੈ। ਪੂਰੇ ਏਰੀਆ ਵਿੱਚ ਦੋ-ਤਿੰਨ ਦਿਨ ਵਿੱਚ ਫੈਲ ਜਾਣਾ ਚਾਹੀਦਾ ਹੈ। ਆਪਣੀ ਸੁਰੱਖਿਆ ਆਪਣੇ ਹੱਥ, ਸਾਵਧਾਨ ਰਹੋ, ਜਨਹਿੱਤ ਵਿੱਚ ਜਾਰੀ।
ਵ੍ਹੱਟਸਐਪ ਨੂੰ ਨੋਟਿਸ ਭੇਜ ਸਰਕਾਰ ਨੇ ਮੰਗਿਆ ਜਵਾਬ
ਇਹੋ ਮੈਸੇਜ ਵੱਖ-ਵੱਖ ਸ਼ਹਿਰਾਂ ਵਿੱਚ ਜਗ੍ਹਾ ਦਾ ਨਾਂ ਬਦਲ ਕੇ ਵਾਇਰਲ ਹੋ ਰਿਹਾ ਹੈ। ਅਜਿਹੇ ਮੈਸੇਜ ਲੋਕਾਂ ਵਿੱਚ ਖ਼ੌਫ ਪੈਦਾ ਕਰਦੇ ਹਨ ਤੇ ਜਦ ਭੀੜ ਸਾਹਮਣੇ ਕੋਈ ਸ਼ੱਕੀ ਵਿਅਕਤੀ ਆ ਜਾਂਦਾ ਹੈ ਤਾਂ ਉਸ ਉੱਪਰ ਜਾਨਲੇਵਾ ਹਮਲਾ ਹੋ ਜਾਂਦਾ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਦੇਸ਼ ਦੇ ਕੇਂਦਰੀ ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵ੍ਹੱਟਸਐਪ ਨੂੰ ਨੋਟਿਸ ਭੇਜਿਆ ਤੇ ਤਿੱਖੀ ਚੇਤਾਵਨੀ ਵੀ ਜਾਰੀ ਕੀਤੀ ਹੈ।
ਵ੍ਹੱਟਸਐਪ ਦਾ ਪ੍ਰਤੀਕਰਮ
ਇਸ 'ਤੇ ਵ੍ਹੱਟਸਐਪ ਨੇ ਕੈਲੀਫੋਰਨੀਆ ਤੋਂ ਜਵਾਬ ਭੇਜਿਆ ਹੈ ਕਿ ਉਹ ਇਸ ਤਰ੍ਹਾਂ ਦੇ ਹਮਲਿਆਂ ਤੋਂ ਖ਼ੁਦ ਸਦਮੇ ਵਿੱਚ ਹੈ। ਵ੍ਹੱਟਸਐਪ ਨੇ ਕਿਹਾ ਹੈ ਕਿ ਅਫ਼ਵਾਹਾਂ ਤੇ ਗ਼ਲਤ ਖ਼ਬਰਾਂ ਨੂੰ ਸਰਕਾਰ, ਸਿਵਲ ਸੁਸਾਇਟੀ ਤੇ ਤਕਨੀਕੀ ਕੰਪਨੀਆਂ ਮਿਲ ਕੇ ਰੋਕ ਸਕਦੀਆਂ ਹਨ। ਵ੍ਹੱਟਸਐਪ ਨੇ ਇੱਕ ਨਵਾਂ ਫੀਚਰ ਜੋੜਿਆ ਹੈ, ਜਿਸ ਵਿੱਚ ਗਰੁੱਪ ਐਡਮਿਨ ਤੈਅ ਕਰੇਗਾ ਕਿ ਕੌਣ ਮੈਸੇਜ ਭੇਜ ਸਕਦਾ ਹੈ। ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਸੇਜ ਬਿਨਾ ਪੜ੍ਹੇ ਫਾਰਵਰਡ ਨਾ ਕੀਤਾ ਜਾ ਸਕੇ।
ਏਬੀਪੀ ਸਾਂਝਾ ਦੀ ਅਪੀਲ
ਧਿਆਨ ਰੱਖੋ ਕਿ ਸਰਕਾਰ ਤੇ ਵ੍ਹੱਟਸਐਪ ਨਾਲ ਇਹ ਜ਼ਿੰਮੇਵਾਰੀ ਸਾਡੀ ਸਭ ਦੀ ਵੀ ਬਣਦੀ ਹੈ ਕਿ ਅਫ਼ਵਾਹਾਂ 'ਤੇ ਯਕੀਨ ਨਾ ਕਰੋ ਤੇ ਕਿਸੇ ਵੀ ਸੰਦੇਸ਼ ਨੂੰ ਬਿਨਾ ਸੋਚੇ ਸਮਝੇ ਅੱਗੇ ਨਾ ਵਧਾਓ। ਅਜਿਹਾ ਕਰਨ 'ਤੇ ਲੋਕਾਂ ਵਿੱਚ ਖੌਫ਼ ਵਧਦਾ ਹੈ ਤੇ ਇਹ ਅੱਗੇ ਫੈਲਦਾ ਰਹਿੰਦਾ ਹੈ ਤੇ ਇੰਨਾ ਵਧ ਜਾਂਦਾ ਹੈ ਕਿ ਜਾਨਲੇਵਾ ਵੀ ਸਾਬਤ ਹੋ ਜਾਂਦਾ ਹੈ।