Haryana News : ਹਰਿਆਣਾ ਦੇ ਸੋਨੀਪਤ 'ਚ ਅੱਜ ਫਿਰ ਪਹਿਲਵਾਨਾਂ ਦੇ ਮੁੱਦੇ 'ਤੇ ਪੰਚਾਇਤ ਹੋਣ ਜਾ ਰਹੀ ਹੈ। ਇਸ ਪੰਚਾਇਤ ਵਿੱਚ ਹਿੱਸਾ ਲੈਣ ਲਈ ਪਹਿਲਵਾਨ ਬਜਰੰਗ ਪੂਨੀਆ ਵੀ ਪੁੱਜੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨਾਲ ਜੋ ਵੀ ਗੱਲਬਾਤ ਹੋਈ ਹੈ। ਅਸੀਂ ਉਨ੍ਹਾਂ ਲੋਕਾਂ ਦੇ ਸਾਹਮਣੇ ਉਸ ਗੱਲ ਨੂੰ ਰੱਖਣ ਜਾ ਰਹੇ ਹਾਂ ,ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ ਹੈ, ਚਾਹੇ ਉਹ ਖਾਪ ਪੰਚਾਇਤਾਂ ਹੋਣ ਜਾਂ ਕਿਸਾਨ ਸੰਗਠਨ ਜਾਂ ਕੋਈ ਵੀ ਮਹਿਲਾ ਸੰਗਠਨ, ਉਹ ਹਰ ਉਸ ਸੰਗਠਨ ਦੇ ਸਾਹਮਣੇ ਆਪਣੀ ਗੱਲ ਰੱਖਣਗੇ ,ਜਿਸ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਹੋਣ ਵਾਲੀ ਪੰਚਾਇਤ ਵਿੱਚ ਰੈਸਲਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਚੱਲ ਰਹੇ ਅੰਦੋਲਨ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

 





  ਅਨੁਰਾਗ ਠਾਕੁਰ ਨਾਲ ਪਹਿਲਵਾਨ ਦੀ ਮੁਲਾਕਾਤ 

 

ਦੱਸ ਦੇਈਏ ਕਿ ਪਿਛਲੇ ਦਿਨੀਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਧਰਨੇ  'ਤੇ ਬੈਠੇ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਦੌਰਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫ਼ਤਾਰੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਰੀਬ ਛੇ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਪਹਿਲਵਾਨਾਂ ਨੂੰ ਭਰੋਸਾ ਮਿਲਿਆ ਕਿ 15 ਜੂਨ ਤੱਕ ਬ੍ਰਿਜ ਭੂਸ਼ਣ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਜਾਵੇਗੀ। ਮਹਿਲਾ ਪਹਿਲਵਾਨਾਂ ਨੇ ਮੰਗ ਕੀਤੀ ਹੈ ਕਿ ਕੁਸ਼ਤੀ ਫੈਡਰੇਸ਼ਨ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਜਾਵੇ ਅਤੇ ਇਸ ਦੀ ਪ੍ਰਧਾਨਗੀ ਕਿਸੇ ਮਹਿਲਾ ਨੂੰ ਦਿੱਤੀ ਜਾਵੇ। ਫਿਲਹਾਲ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਅੰਦੋਲਨ 15 ਜੂਨ ਤੱਕ ਮੁਲਤਵੀ ਕਰ ਦਿੱਤਾ ਹੈ।

ਰੈਫਰੀ ਦਾ ਬਿਆਨ ਵੀ ਆਇਆ ਸਾਹਮਣੇ 



ਅੰਤਰਰਾਸ਼ਟਰੀ ਕੁਸ਼ਤੀ ਦੇ ਰੈਫਰੀ ਜਗਬੀਰ ਸਿੰਘ ਨੇ ਵੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ 25 ਮਾਰਚ 2022 ਨੂੰ ਸੀਨੀਅਰ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਦਾ ਟਰਾਇਲ ਖਤਮ ਹੋਣ ਤੋਂ ਬਾਅਦ ਜਦੋਂ ਫੋਟੋ ਸੈਸ਼ਨ ਹੋਇਆ ਤਾਂ ਇਸ ਦੌਰਾਨ ਬ੍ਰਿਜ ਭੂਸ਼ਣ ਸਿੰਘ ਵੱਲੋਂ ਇੱਕ ਮਹਿਲਾ ਖਿਡਾਰਨ ਨੂੰ ਗਲਤ ਤਰੀਕੇ ਨਾਲ ਟਚ ਕੀਤਾ ਸੀ । ਜਦੋਂ ਇਹ ਫੋਟੋ ਸੈਸ਼ਨ ਦੀ ਘਟਨਾ ਹੋਈ  ਤਾਂ ਉਹ ਕੁਝ ਦੂਰੀ 'ਤੇ ਖੜ੍ਹਾ ਸੀ।