ਮਹਿਤਾਬ-ਉਦ-ਦੀਨ


ਨਵੀਂ ਦਿੱਲੀ: ਪਹਿਲਾ ਭਾਰਤੀ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਕ੍ਰਿਕੇਟਰ ਯਸ਼ਪਾਲ ਸ਼ਰਮਾ ਤੇ ਚੇਤਨ ਚੌਹਾਨ ਨੇ ਤਿੰਨ ਸਿੱਖ ਖਿਡਾਰੀਆਂ ਨਵਜੋਤ ਸਿੰਘ ਸਿੱਧੂ, ਯੋਗਰਾਜ ਸਿੰਘ ਤੇ ਰਾਜਿੰਦਰ ਘਈ ਦੀਆਂ ਜਾਨਾਂ ਬਚਾਈਆਂ ਸਨ। ਇਹ ਗੱਲ ਨਵੰਬਰ 1984 ਦੀ ਹੈ, ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਦੰਗੇ ਭੜਕ ਗਏ ਸਨ। ਦੰਗਾਕਾਰੀਆਂ ਦੀਆਂ ਵੱਡੀਆਂ ਭੀੜਾਂ ਤਦ ਸਿੱਖਾਂ ਨੂੰ ਲੱਭ-ਲੱਭ ਕੇ ਕੋਹ-ਕੋਹ ਕੇ ਮਾਰ ਰਹੀਆਂ ਸਨ।


ਅਜਿਹੇ ਵੇਲੇ ਜਦੋਂ ਇਹ ਸਾਰੇ ਕ੍ਰਿਕੇਟ ਖਿਡਾਰੀ ਇੱਕ ਰੇਲ ਗੱਡੀ ਰਾਹੀਂ ਪੁਣੇ ਤੋਂ ਦਿੱਲੀ ਤੱਕ ਦੀ ਯਾਤਰਾ ਕਰ ਰਹੇ ਸਨ। ਤਦ ਇੱਕ ਸਟੇਸ਼ਨ ਉੱਤੇ ਦੰਗਾਕਾਰੀਆਂ ਦੀ ਇੱਕ ਵੱਡੀ ਭੀੜ ਉਨ੍ਹਾਂ ਦੇ ਕੰਪਾਰਟਮੈਂਟ ਅੰਦਰ ਦਾਖ਼ਲ ਹੋਣ ਲੱਗੀ ਸੀ। ਉਸ ਵੇਲੇ ਯਸ਼ਪਾਲ ਸ਼ਰਮਾ (ਜਿਨ੍ਹਾਂ ਦਾ ਬੀਤੀ 13 ਜੁਲਾਈ ਨੂੰ ਦੇਹਾਂਤ ਹੋ ਗਿਆ ਹੈ) ਤੇ ਚੇਤਨ ਚੌਹਾਨ ਨੇ ਤਿੰਨੇ ਸਿੱਖ ਖਿਡਾਰੀਆਂ ਨੂੰ ਤੁਰੰਤ ਕੰਪਾਰਟਮੈਂਟ ਅੰਦਰ ਸੀਟਾਂ ਦੇ ਹੇਠਾਂ ਲੁਕਣ ਲਈ ਆਖਿਆ। ਉਹ ਦੋਵੇਂ ਕੰਪਾਰਟਮੈਂਟ ਦੇ ਦਰਵਾਜ਼ਿਆਂ ਅੱਗੇ ਖਲ੍ਹੋ ਗਏ ਤੇ ਭੀੜ ਨੂੰ ਕਿਹਾ ਕਿ ਉਨ੍ਹਾਂ ਤੋਂ ਇਲਾਵਾ ਡੱਬੇ ਵਿੱਚ ਕੋਈ ਵੀ ਨਹੀਂ ਹੈ ਤੇ ਉਨ੍ਹਾਂ ਨੂੰ ਖ਼ੂਨ-ਖ਼ਰਾਬਾ ਨਾ ਕਰਨ ਦੀ ਵੀ ਸਲਾਹ ਦਿੱਤੀ।


‘ਦ ਟਾਈਮਜ਼ ਆੱਫ਼ ਇੰਡੀਆ’ ਨੇ ਇਸ ਘਟਨਾ ਦਾ ਵਰਨਣ ਕਰਦਿਆਂ ਉਸ ਮੌਕੇ ਮੌਜੂਦ ਇੱਕ ਹੋਰ ਕ੍ਰਿਕੇਟ ਖਿਡਾਰੀ ਸਰਕਾਰ ਤਲਵਾਰ ਦੇ ਹਵਾਲੇ ਨਾਲ ਦੱਸਿਆ ਕਿ ਉਸ ਵੇਲੇ ਨਵਜੋਤ ਸਿੰਘ ਸਿੱਧੂ ਕਾਫ਼ੀ ਡਰ ਗਏ ਸਨ। ‘ਚੇਤਨ ਜੀ ਨੇ ਸਿੱਧੂ, ਯੋਗਰਾਜ ਤੇ ਘਈ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਤੇ ਬਾਖ਼ੂਬੀ ਵੱਡੀ ਭੀੜ ਨੂੰ ਵਾਪਸ ਭੇਜ ਦਿੱਤਾ। ਉਨ੍ਹਾਂ ਭੀੜ ਦਾ ਡਟ ਕੇ ਸਾਹਮਣਾ ਕੀਤਾ ਤੇ ਤਿੰਨੇ ਸਿੱਖ ਖਿਡਾਰੀਆਂ ਨੂੰ ਭੀੜ ਦੀਆਂ ਅੱਖਾਂ ਤੋਂ ਓਹਲੇ ਬਣਾ ਕੇ ਰੱਖਿਆ।’


ਬਹੁ ਚਰਚਿਤ ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਨੇ ਸਾਲ 2017 ’ਚ ਭਾਰਤੀ ਜਨਤਾ ਪਾਰਟੀ (BJP) ਨੂੰ ਅਲਵਿਦਾ ਆਖ ਦਿੱਤਾ ਸੀ ਤੇ ਤਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।