ਬਰੇਲੀ: ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦਰਮਿਆਨ ਖੇਤੀ ਕਾਨੂੰਨਾਂ 'ਤੇ ਕਿਸਾਨਾਂ ਨਾਲ ਸੰਵਾਦ ਲਈ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਅੱਜ ਬਰੇਲੀ ਪਹੁੰਚੇ। ਉਨ੍ਹਾਂ ਵਿਰੋਧੀਆਂ 'ਤੇ ਜੰਮ੍ਹ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਓਹੀ ਲੋਕ ਕਰ ਰਹੇ ਹਨ, ਜੋ ਕਿਸਾਨਾਂ ਦੇ ਹੱਕ 'ਤੇ ਡਾਕਾ ਮਾਰਦੇ ਹਨ। ਉਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲ ਰਿਹਾ ਹੈ।


ਯੋਗੀ ਅਦਿੱਤਯਨਾਥ ਨੇ ਕਿਹਾ ਕਿ ਵਿਰੋਧੀ ਰਾਮ ਮੰਦਰ ਬਣਨ ਦੀ ਵਜ੍ਹਾ ਤੋਂ ਪਰੇਸ਼ਾਨ ਹਨ। ਯੋਗੀ ਅਦਿੱਤਯਨਾਥ ਨੇ ਕਿਹਾ, ਵਿਰੋਧੀ ਅਯੋਧਿਆ ਜਾਣ ਤੋਂ ਡਰਦਾ ਸੀ...ਭਾਰਤ ਦੀ ਆਸਥਾ 'ਤੇ ਸੱਟ ਮਾਰਨ ਵਾਲੇ ਲੋਕ ਨਹੀਂ ਜਾਣਦੇ ਸਨ ਕਿ ਅਯੋਧਿਆ 'ਚ ਰਾਮ ਮੰਦਰ ਬਣੇ। ਸਾਡਾ ਕਿਸਾਨ ਜਦੋਂ ਮਿਲਦਾ ਹੈ ਤਾਂ ਰਾਮ ਰਾਮ ਕਹਿੰਦਾ ਹੈ। ਰਾਮ ਰਾਮ ਦਾ ਸੰਬੋਧਨ ਹੁੰਦਾ ਹੈ..ਜਨਮ ਤੋਂ ਲੈਕੇ ਅੰਤ ਤਕ ਸਾਡੇ ਨਾਲ ਜੇ ਕੋਈ ਸ਼ਬਦ ਚੱਲਦਾ ਹੈ ਤਾਂ ਉਹ ਹੈ ਰਾਮ...ਰਾਮ ਨੂੰ ਸਾਡੇ ਤੋਂ ਵੱਖ ਕਰਨ ਦੀ ਸਾਜ਼ਿਸ਼ ਕਿਸ ਰੂਪ 'ਚ ਹੋ ਰਹੀ ਸੀ।


ਯੋਗੀ ਨੇ ਕਿਹਾ ਕਿ ਮੋਦੀ ਨੇ ਕੰਮ ਠੀਕ ਕੀਤਾ ਵਿਰੋਧੀਆਂ ਨੂੰ ਇਹੀ ਪਰੇਸ਼ਾਨੀ ਹੈ। ਉਨ੍ਹਾਂ ਨੂੰ ਪਰੇਸ਼ਾਨੀ ਇਹ ਹੈ ਕਿ ਮੋਦੀ ਨੇ ਮੰਦਰ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਵਿਰੋਧੀ ਲੋਕਾਂ ਨੂੰ ਆਪਸ 'ਚ ਲੜਾਉਂਦੇ ਸਨ, ਭਟਕਾਉਂਦੇ ਸਨ, ਹਰ ਪੱਧਰ 'ਤੇ ਯਤਨ ਕਰਦੇ ਸਨ ਕਿ ਕਿਸੇ ਵੀ ਵਿਅਕਤੀ ਨੂੰ ਇਸ ਮੁੱਦੇ ਨੂੰ ਚੁੱਕਣ ਨਾ ਦਿੱਤਾ ਜਾਵੇ।


ਯੋਗੀ ਨੇ ਇਲਜ਼ਾਮ ਲਾਇਆ ਕਿ ਹਤਾਸ਼, ਨਿਰਾਸ਼, ਵਿਰੋਧੀ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਉਨ੍ਹਾਂ ਦੇ ਹਿੱਤਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਨਵੇਂ ਖੇਤੀ ਕਾਨੂੰਨਾਂ ਨਾਲ ਮੰਡੀਆਂ ਬੰਦ ਨਹੀਂ ਹੋਣਗੀਆਂ ਤੇ ਕਿਸੇ ਨੂੰ ਵੀ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਅਧਿਕਾਰ ਨਹੀਂ ਹੋਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ