ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐੱਸਐੱਲਵੀ ਸੀ-50 ਰਾਕੇਟ ਪੁਲਾੜ ਲਈ ਰਵਾਨਾ ਹੋ ਗਿਆ ਹੈ। ਸੰਚਾਰ ਉਪਗ੍ਰਹਿ ਸੀਐਮਐਸ-01 ਨੂੰ ਪੀਐਸਐਲਵੀ ਸੀ-50 ਰਾਕੇਟ ਰਾਹੀਂ ਪੁਲਾੜ ’ਚ ਭੇਜਣ ਲਈ ਪੁੱਠੀ ਗਿਣਤੀ ਬੁੱਧਵਾਰ ਨੂੰ ਸ਼ੁਰੂ ਹੋ ਗਈ ਸੀ। ‘ਭਾਰਤੀ ਪੁਲਾੜ ਖੋਜ ਸੰਗਠਨ’ (ਇਸਰੋ) ਨੇ ਇਹ ਜਾਣਕਾਰੀ ਦਿੱਤੀ।


ਧਰੁਵੀ ਉੱਪਗ੍ਰਹਿ ਲਾਂਚਾ ਵਾਹਨ ਦੀ ਇਹ 52ਵੀਂ ਮੁਹਿੰਮ ਹੈ। ਸ਼੍ਰੀਹਰੀਕੋਟਾ ਸਥਿਤ ਦੂਜੇ ਲਾਂਚਿੰਗ ਪੈਡ ਤੋਂ ਵੀਰਵਾਰ ਦੁਪਹਿਰ 3:41 ਵਜੇ ਪੀਐਸਐਲਵੀ ਸੀ-50 ਰਾਕੇਟ ਪੁਲਾੜ ਲਈ ਰਵਾਨਾ ਕੀਤਾ ਗਿਆ। ਇਸ ਲਈ ਪੁੱਠੀ ਗਿਣਤੀ ਅੱਜ ਦੁਪਹਿਰੇ 2:41 ਵਜੇ ਸ਼ੁਰੂ ਕਰ ਦਿੱਤੀ ਗਈ ਸੀ।






ਆਂਧਰਾ ਪ੍ਰਦੇਸ਼ ਦੇ ਨੈੱਲੋਰ ਜ਼ਿਲ੍ਹੇ ’ਚ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ  SHAR ਵੀ ਕਿਹਾ ਜਾਂਦਾ ਹੈ। ਸੀਐਮਐਸ-01 ਇਸਰੋ ਦਾ 42ਵਾਂ ਸੰਚਾਰ ਉਪਗ੍ਰਹਿ ਹੈ ਤੇ ਇਸ ਨੂੰ ਭਾਰਤ ਦੀ ਮੁੱਖ ਭੂਮੀ, ਅੰਡੇਮਾਨ ਨਿਕੋਬਾਰ ਤੇ ਲਕਸ਼ਦੀਪ ਨੂੰ ਕਵਰ ਕਰਨ ਵਾਲੇ ਫ਼੍ਰੀਕੁਐਂਸੀ ਸਪੈਕਟਰਮ ਦੇ ਵਿਸਤਾਰਿਤ ਸੀ-ਬੈਂਡ ਵਿੱਚ ਸੇਵਾਵਾਂ ਮੁਹੱਈਆ ਕਰਨ ਲਈ ਤਿਆਰ ਕੀਤਾ ਗਿਆ ਹੈ।