ਨਵੀਂ ਦਿੱਲੀ: ਏਅਰ ਇੰਡੀਆ ਦੇ ਯਾਤਰੀ ਹੁਣ ਇੱਕ ਫੋਨ ਕਾਲ ਨਾਲ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਏਅਰ ਇੰਡੀਆ ਨੇ ਆਪਣੇ ਕਾਲ ਸੈਂਟਰ ਦੇ ਵਿਸਤਾਰ ਦਾ ਫੈਸਲਾ ਲਿਆ ਹੈ। ਇਨ੍ਹਾਂ ਰਾਹੀਂ ਹੀ ਯਾਤਰੀਆਂ ਨੂੰ ਸਫ਼ਰ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਨਿਬੇੜਾ ਵੀ ਕੀਤਾ ਜਾਵੇਗਾ। ਏਅਰ ਇੰਡੀਆ ਮੁਤਾਬਕ ਕਾਲ ਸੈਂਟਰ ਦੇ ਵਿਸਥਾਰ ਦਾ ਕੰਮ ਇਸ ਸਾਲ ਦੀ ਤੀਜੀ ਤਿਮਾਹੀ ਤਕ ਪੂਰਾ ਕਰ ਲਿਆ ਜਾਵੇਗਾ।



ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਮੁਸਾਫਰਾਂ ਨੂੰ ਵੱਖ-ਵੱਖ ਸੁਵਿਧਾਵਾਂ ਲਈ ਹੁਣ ਵਾਰ-ਵਾਰ ਏਅਰ ਇੰਡੀਆ ਦੇ ਕਾਉਂਟਰ ‘ਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ। ਉਹ ਆਪਣੀਆਂ ਜ਼ਰੂਰਤਾਂ ਨੂੰ ਸਿਰਫ ਇੱਕ ਕਾਲ ਰਾਹੀਂ ਹੀ ਪੂਰਾ ਕਰ ਸਕਦੇ ਹਨ।

ਟਿਕਟ ਬੁਕਿੰਗ ਦੌਰਾਨ ਭੁਗਤਾਨ ਦੀਆਂ ਦਿੱਕਤਾਂ ਨੂੰ ਸੁਲਝਾਉਣ ਲਈ ਏਅਰਲਾਈਨ ਐਡਵਾਂਸ ਇੰਟਰੈਕਟਿਵ ਵਾਇਸ ਰਿਸਪਾਂਡ ਸਿਸਟਮ ਤੇ ਕਾਲ ਅਸਿਸਟੈਂਟ ਪ੍ਰੋਗ੍ਰਾਮ ‘ਤੇ ਵੀ ਕੰਮ ਕਰ ਰਹੀ ਹੈ। ਇਸ ਦੀ ਮਦਦ ਨਾਲ ਮੁਸਾਫਰ ਪੂਰੇ ਗੁਪਤ ਢੰਗ ਨਾਲ ਫੋਨ ਤੋਂ ਬੁੱਕ ਕੀਤੀ ਗਈ ਏਅਰ ਟਿਕਟ ਦਾ ਭੁਗਤਾਨ ਵੀ ਕਰ ਸਕਣਗੇ।



ਕਾਲ ਸੈਂਟਰ ‘ਚ ਯਾਤਰਾ ਦੀ ਤਾਰੀਖ ‘ਚ ਬਦਲਾਅ, ਕੈਂਸਲੇਸ਼ਨ, ਯਾਤਰੀ ਦੇ ਨਾਂ ‘ਚ ਸੁਧਾਰ, ਪ੍ਰੀਮੀਅਮ ਸੀਟ ਦੀ ਬੁਕਿੰਗ, ਫਰੰਟ ਸੀਟ ਦੀ ਬੁਕਿੰਗ, ਟਿਕਟ ਅਪਗ੍ਰੇਡੇਸ਼ਨ ਤੇ ਸਪੈਸ਼ਲ ਅਸਿਸਟੈਂਟ ਬੁਕਿੰਗ ਜਿਹੀਆਂ ਸਮੱਸਿਆਵਾਂ ਨੂੰ ਸੁਲਝਾਇਆ ਜਾਵੇਗਾ। ਇਸ ਸੁਵਿਧਾ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਏਅਰਪੋਰਟ ਦੇ ਚੱਕਰ ਕੱਟਣ ਤੋਂ ਛੁਟਕਾਰਾ ਮਿਲ ਜਾਵੇਗਾ।