ਰਮਨਦੀਪ ਕੌਰ
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਹੋਏ ਲੌਕਡਾਊਨ ਨਾਲ ਆਮ ਜਨ-ਜੀਵਨ ਦੀ ਚਾਲ ਮੱਠੀ ਪੈ ਗਈ ਹੈ। ਇਸ ਦੇ ਚੱਲਦਿਆਂ ਸਰਕਾਰ ਵੱਲੋਂ ਨਾਗਰਿਕਾਂ ਨੂੰ ਕਈ ਸੁਵਿਧਾਵਾਂ ਜ਼ਰੀਏ ਕੁਝ ਰਾਹਤ ਦੇਣ ਦੇ ਯਤਨ ਜਾਰੀ ਹਨ।
ਲੌਕਡਾਊਨ ਦੌਰਾਨ ਗੈਸ ਦੀ ਸਬਸਿਡੀ, ਕਿਸਾਨ ਫਸਲ ਬੀਮਾ ਦਾ ਪੈਸਾ, ਮਨਰੇਗਾ ਮਜ਼ਦੂਰੀ, ਜਨਧਨ ਸਕੀਮ, ਵਿਧਵਾ, ਬਿਰਧ ਤੇ ਵਿਕਲਾਂਗ ਪੈਨਸ਼ਨ ਸਮੇਤ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਈ ਯੋਜਨਾਵਾਂ ਤੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਕਢਵਾਉਣ ਲਈ ਤਹਾਨੂੰ ਬੈਂਕ ਜਾਂ ਏਟੀਐਮ ਜਾਣ ਦੀ ਲੋੜ ਨਹੀਂ।
ਡਾਕ ਵਿਭਾਗ ਘਰ ਬੈਠਿਆਂ ਹੀ ਤਹਾਨੂੰ ਇਹ ਪੈਸਾ ਮੁਹੱਈਆ ਕਰਵਾ ਰਿਹਾ ਹੈ। ਸਰਕਾਰੀ ਯੋਜਨਾਵਾਂ ਦੇ ਜ਼ਿਆਦਾਤਰ ਖਾਤੇ ਆਧਾਰ ਕਾਰਡ ਨਾਲ ਲਿੰਕ ਹੋਣ ਕਾਰਨ ਡਾਕ ਵਿਭਾਗ ਵੱਲੋਂ ਦਿੱਤਾ ਜਾਣ ਵਾਲਾ ਇਹ ਪੈਸਾ ਤੁਹਾਡੇ ਖਾਤੇ 'ਚੋਂ ਹੀ ਕੱਟ ਕੇ ਦਿੱਤਾ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ 'ਚ ਡਾਕ ਵਿਭਾਗ ਹਰ ਦਿਨ ਕਰੀਬ 500 ਲੋਕਾਂ ਨੂੰ ਘਰ ਬੈਠੇ ਹੀ ਪੇਮੈਂਟ ਦੇ ਰਿਹਾ ਹੈ।
ਲੌਕਡਾਊਨ ਵਧਣ ਕਾਰਨ ਸਰਕਾਰ ਵੱਲੋਂ ਇਸ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰੀ ਨਿਰਦੇਸ਼ਾਂ ਮੁਤਾਬਕ ਡਾਕੀਏ ਘਰ-ਘਰ ਜਾਕੇ ਲੋਕਾਂ ਨੂੰ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਪੈਸਾ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਡਾਕੀਏ ਤੋਂ ਲੋਕ 500 ਰੁਪਏ ਤੋਂ ਲੈਕੇ 8000 ਰੁਪਏ ਤਕ ਪੇਮੈਂਟ ਲੈ ਸਕਦੇ ਹਨ।