ਮੁਹਾਲੀ: ਸ਼ਹਿਰ ਦੇ 10 ਨੌਜਵਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਉਤਰਾਖੰਡ ਗਏ ਸੀ, ਜਿਨ੍ਹਾਂ ਵਿੱਚੋਂ 6 ਦੀ ਰਿਸ਼ੀਕੇਸ਼ ਦੇਵਪ੍ਰਯਾਗ ਹਾਈਵੇ ਤੇ ਚੱਟਾਨ ਡਿੱਗਣ ਕਾਰਨ ਮੌਤ ਹੋ ਗਈ। ਡਰਾਈਵਰ ਸਣੇ ਬਾਕੀ ਜ਼ਖਮੀਆਂ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚੌਕੀ ਬਚੇਲੀਖਾਲ ਦੇ ਖੇਤਰ ਵਿੱਚ ਪੈਂਦੇ ਖੇਤਰ ਵਿੱਚ ਜ਼ਮੀਨ ਖਿਸਕ ਗਈ ਤੇ ਇੱਕ ਵੱਡਾ ਪੱਥਰ ਪਹਾੜੀ ਤੋਂ ਡਿੱਗ ਪਿਆ। ਇਹ ਪਹਾੜੀ ਦਾ ਹਿੱਸਾ ਹੇਠੋਂ ਆ ਰਹੇ ਨੌਜਵਾਨਾਂ ਦੇ ਟੈਂਪੂ ਟਰੈਵਲਰ 'ਤੇ ਡਿੱਗਾ। ਇਸ ਕਾਰਨ ਟੈਂਪੂ ਟਰੈਵਲਰ 'ਚ ਸਵਾਰ ਲੋਕ ਹੇਠਾਂ ਦੱਬੇ ਗਏ। ਹਾਦਸੇ ਤੋਂ ਬਾਅਦ ਰਾਹਤ ਬਚਾਅ ਟੀਮਾਂ ਨੂੰ ਸੂਚਿਤ ਕੀਤਾ ਗਿਆ।


ਸਥਾਨਕ ਪੁਲਿਸ ਤੇ ਰਾਹਤ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਟੈਂਪੂ ਦੇ ਹੇਠਾਂ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਜੇਸੀਬੀ ਮਸ਼ੀਨਾਂ ਲਾ ਕੇ ਚੱਟਾਨ ਨੂੰ ਚੁੱਕਿਆ ਗਿਆ ਤੇ ਟੈਂਪੂ ਟਰੈਵਲਰ ਨੂੰ ਬਾਹਰ ਖਿੱਚਿਆ ਗਿਆ। ਬਚੇਲੀਖਾਲ ਚੌਕੀ ਇੰਚਾਰਜ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਪਤਾ ਲੱਗਿਆ ਕਿ ਟੈਂਪੂ (ਪੀਬੀ-01 ਏ7524) ਮੁਹਾਲੀ ਜ਼ਿਲ੍ਹੇ ਤੋਂ ਸ੍ਰੀ ਹੇਮਕੁੰਟ ਸਾਹਿਬ ਜਾ ਰਿਹਾ ਸੀ।


ਟੈਂਪੂ ਟਰੈਵਲਰ ਵਿੱਚ ਡਰਾਈਵਰ ਸਣੇ 11 ਲੋਕ ਸਵਾਰ ਸਨ। ਇਹ ਸਾਰੇ ਦੋਸਤ ਸਨ ਤੇ ਉਹ ਮੱਥਾ ਟੇਕਣ ਲਈ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸਨ। ਰਸਤੇ ਵਿੱਚ ਇੱਕ ਚੱਟਾਨ ਤੇ ਕੁਝ ਮਲਬਾ ਉਨ੍ਹਾਂ ਦੇ ਟੈਂਪੂ ਟਰੈਵਲਰ ਦੇ ਉੱਪਰ ਡਿੱਗ ਪਿਆ, ਜਿਸ ਕਾਰਨ ਟੈਂਪੂ ਮਲਬੇ ਹੇਠਾਂ ਫਸ ਗਿਆ। 5 ਨੌਜਵਾਨਾਂ ਨੇ ਮੌਕੇ 'ਤੇ ਦਮ ਤੋੜ ਦਿੱਤਾ ਜਦਕਿ ਇੱਕ ਦੀ ਹਸਪਤਾਲ ਵਿੱਚ ਮੌਤ ਹੋਈ।


ਹਾਦਸੇ ਵਿੱਚ ਗੁਰਦੀਪ (35) ਪੁੱਤਰ ਬਚਨਾ ਰਾਮ ਵਾਸੀ ਜੈਤੀਮਜਰੀ ਮੁਹਾਲੀ, ਗੁਰਪ੍ਰੀਤ ਸਿੰਘ (33) ਪੁੱਤਰ ਗੁਰੂ ਨਾਮ ਵਾਸੀ ਸਿਰ ਸੈਨੀ, ਜਤਿੰਦਰਪਾਲ ਸਿੰਘ (34) ਪੁੱਤਰ ਸਤਨਾਮ ਸਿੰਘ ਵਾਸੀ 3156 ਪੈਰਾਡਾਈਜ਼ ਇਨਕਲੇਵ ਚੰਡੀਗੜ੍ਹ, ਤਜੇਂਦਰ ਸਿੰਘ (43) ਪੁੱਤਰ ਜਸਪਾਲ ਵਾਸੀ 2430 ਸੀ ਮੁੰਡੀ ਕੰਪਲੈਕਸ ਮੁਹਾਲੀ, ਸੁਰੇਂਦਰ ਸਿੰਘ (35) ਪੁੱਤਰ ਦੇਵਰਾਜ ਵਾਸੀ ਨਯਾਗਾਂਵ ਗੁਰੂ ਜੈਨ (37) ਤੇ ਲਵਲੀ ਪੁੱਤਰ ਕਿਸ਼ੋਰੀਲਾਲ ਵਾਸੀ ਪੰਚਕੁਲਾ ਦੀ ਮੌਤ ਹੋ ਗਈ।