ਮਹਿਤਾਬ-ਉਦ-ਦੀਨ
ਬਰੁੱਕਫ਼ੀਲਡ: ਅਮਰੀਕੀ ਸੂਬੇ ਇਲੀਨੋਇ ਦੇ ਸ਼ਹਿਰ ਬਰੁੱਕਫ਼ੀਲਡ ਵਿੱਚ ਪਹਿਲੀ ਵਾਰ ਭਾਰਤੀ ਮੂਲ ਦਾ ਇੱਕ ਵਿਅਕਤੀ ਪੁਲਿਸ ਮੁਖੀ ਬਣਨ ਜਾ ਰਿਹਾ ਹੈ। ਇਸ ਅਹੁਦੇ ਉੱਤੇ ਛੇਤੀ ਹੀ ਨਿਯੁਕਤ ਹੋਣ ਵਾਲੇ ਮਾਈਕਲ ਕੁਰੂਵਿਲਾ ਹੋਣਗੇ, ਜੋ ਭਾਰਤੀ ਰਾਜ ਕੇਰਲ ਦੇ ਜੰਮਪਲ਼ ਹਨ।

 

ਇਸ ਉੱਚ ਪੁਲਿਸ ਅਹੁਦੇ ਦੀ ਉਮੀਦਵਾਰੀ ਲਈ ਮਾਈਕਲ ਦੇ ਨਾਂਅ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਐਕਟਿੰਗ ਪੁਲਿਸ ਮੁਖੀ ਐਡਵਰਡ ਪੈਟਰੈਕ ਨੇ ਖ਼ੁਦ ਇਹ ਮਨਜ਼ੂਰੀ ਦਿੱਤੀ ਸੀ। ਉਹ 12 ਜੁਲਾਈ ਤੋਂ ਉਨ੍ਹਾਂ ਤੋਂ ਅਹੁਦੇ ਦਾ ਸਾਰਾ ਕਾਰਜਭਾਰ ਰਸਮੀ ਤੌਰ ’ਤੇ ਸੰਭਾਲ ਲੈਣਗੇ।

 
ਮੌਜੂਦਾ ਪੁਲਿਸ ਮੁਖੀ ਐਡਵਰਡ ਪੈਟਰੈਕ ਨੇ ਕਿਹਾ ਕਿ ਮਾਈਕਲ ਕੁਰੂਵਿਲਾ ਵਿੱਚ ਹਰ ਤਰ੍ਹਾਂ ਦੇ ਗੁਣ ਤੇ ਹੁਨਰ ਮੌਜੂਦ ਹਨ ਤੇ ਉਹ ਇਹ ਜ਼ਿੰਮੇਵਾਰ ਮੁਖੀ ਦਾ ਅਹੁਦਾ ਸੰਭਾਲ ਸਕਦੇ ਹਨ। ਉਹ ਹਰ ਪੱਧਰ ਉੱਤੇ ਸਫ਼ਲ ਰਹੇ ਹਨ ਤੇ ਉਹ ਇਹ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਵੀ ਹਨ।

 

37 ਸਾਲਾ ਮਾਈਕਲ ਕੁਰੂਵਿਲਾ ਇਸ ਵੇਲੇ ਪੁਲਿਸ ਦੇ ਉੱਪ ਮੁਖੀ ਹਨ। ਉਹ ਸਾਲ 2006 ’ਚ ਬਰੁੱਕਫ਼ੀਲਡ ਪੁਲਿਸ ’ਚ ਭਰਤੀ ਹੋਏ ਸਨ ਤੇ ਤਦ ਵੀ ਉਹ ਇਸ ਇਲਾਕੇ ਦੀ ਪੁਲਿਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਭਾਰਤੀ ਸਨ।

 

ਮਾਈਕਲ ਕੁਰੂਵਿਲਾ ਨੇ ਸਾਲ 2006 ’ਚ ਮਹਾਂਨਗਰ ਸ਼ਿਕਾਗੋ ਸਥਿਤ ਇਲੀਨੋਇ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਪੁਲਿਸ ਦੀ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਉਨ੍ਹਾਂ ਬਰੁੱਕਪੁਲਿਸ ਨਾਲ ਹੀ ‘ਸਿਵਲੀਅਨ ਕ੍ਰਾਈਸਿਸ ਵਰਕਰ’ ਵਜੋਂ ਕੰਮ ਕੀਤਾ ਸੀ। ‘ਇੰਡੀਆ ਟੂਡੇ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਮਾਈਕਲ ਕੁਰੂਵਿਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦੀ ਨੌਕਰੀ ਸ਼ੁਰੂ ਤੋਂ ਹੀ ਵਧੀਆ ਜਾਪਦੀ ਹੈ।

 

ਅਮਰੀਕਾ ’ਚ ਰਹਿੰਦੇ ਭਾਰਤੀ ਮੂਲ ਦੇ ਪ੍ਰਵਾਸੀਆਂ ਨੇ ਮਾਈਕਲ ਕੁਰੂਵਿਲਾ ਦੀ ਇਸ ਨਿਯੁਕਤੀ ਉੱਤੇ ਖ਼ੁਸ਼ੀ ਪ੍ਰਗਟਾਈ ਹੈ। ਭਾਰਤੀਆਂ ਨੇ 12 ਜੁਲਾਈ ਨੂੰ ਕੁਰੂਵਿਲਾ ਦੀ ਨਿਯੁਕਤੀ ਮੌਕੇ ਪਹਿਲਾਂ ਤੋਂ ਹੀ ਵੱਡੇ ਜਸ਼ਨਾਂ ਦੀਆਂ ਤਿਆਰੀਆਂ ਕਰ ਲਈਆਂ ਹਨ।