ਨਵੀਂ ਦਿੱਲੀ: ਸਵਦੇਸ਼ੀ ਕੰਪਨੀ ਜਾਇਡਸ ਕੈਡਿਲਾ ਨੇ ਆਪਣੀ ਕੋਵਿਡ-19 ਵੈਕਸੀਨ ਜਾਇਕੋਵ-ਡੀ (ZyCoV-D) ਦੀ ਐਮਰਜੈਂਸੀ ਵਰਤੋਂ ਲਈ ਡ੍ਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ- DCGI) ਤੋਂ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਹੁਣ ਤੱਕ ਭਾਰਤ ਵਿਚ 50 ਤੋਂ ਵੱਧ ਕੇਂਦਰਾਂ ਵਿਚ ਆਪਣੇ ਕੋਵਿਡ-19 ਟੀਕੇ ਲਈ ਕਲੀਨੀਕਲ ਪ੍ਰੀਖਣ ਕੀਤੇ ਹਨ।
ਜਾਇਡਸ ਕੈਡਿਲਾ ਨੇ ਕਿਹਾ ਹੈ ਕਿ ਇਹ ਕੋਵਿਡ-19 ਦੇ ਵਿਰੁੱਧ ਪਲਾਜ਼ਮਿਡ ਡੀ ਐਨ ਏ ਟੀਕਾ ਹੈ। ਕੈਡਿਲਾ ਹੈਲਥਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ: ਸ਼ਰਵਿਲ ਪਟੇਲ ਦਾ ਦਾਅਵਾ ਹੈ ਕਿ ਜਦੋਂ ਟੀਕਾ ਮਨਜ਼ੂਰ ਹੋ ਜਾਂਦਾ ਹੈ, ਤਾਂ ਇਹ ਨਾ ਸਿਰਫ ਬਾਲਗਾਂ, ਬਲਕਿ 12 ਤੋਂ 18 ਸਾਲ ਦੀ ਉਮਰ ਦੇ ਲੋਕਾਂ ਦੀ ਵੀ ਸਹਾਇਤਾ ਕਰੇਗਾ।
ਬਿਨਾ ਇੰਜੈਕਸ਼ਨ ਲੱਗੇਗੀ ZyCov-D ਵੈਕਸੀਨ
ਬੈਂਗਲੁਰੂ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਦਾ ਕਹਿਣਾ ਹੈ ਕਿ ਇਹ ਟੀਕਾ ਫਾਰਮਾਜੈੱਟ ਟੈਕਨੋਲੋਜੀ ਨਾਲ ਬਿਨਾ ਇੰਜੈਕਸ਼ਨ ਦੀ ਸਹਾਇਤਾ ਲਗਾਇਆ ਜਾਵੇਗਾ। ਇਸ ਤਕਨੀਕ ਦੀ ਵਰਤੋਂ ਟੀਕੇ ਤੋਂ ਬਾਅਦ ਮਾੜੇ ਪ੍ਰਭਾਵਾਂ ਦੇ ਜੋਖਮ ਨੂੰ ਘਟਾ ਦੇਵੇਗੀ। ਜੇ ਇਸ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਹ ਕੋਰੋਨਾ ਦੀ ਰੋਕਥਾਮ ਲਈ ਵਿਸ਼ਵ ਦਾ ਪਹਿਲਾ ਡੀਐਨਏ ਅਧਾਰਤ ਟੀਕਾ ਹੋਵੇਗਾ ਤੇ ਦੇਸ਼ ਵਿਚ ਇਹ ਪੰਜਵਾਂ ਉਪਲਬਧ ਟੀਕਾ ਹੋਵੇਗਾ।
ਤਿੰਨ ਡੋਜ਼ ਵਾਲੀ ਵੈਕਸੀਨ
ਡੀਐਨਏ-ਪਲਾਜ਼ਮੀਡ ਅਧਾਰਤ 'ਜਾਇਕੋਵ-ਡੀ' ਟੀਕੇ ਦੀਆਂ ਤਿੰਨ ਖੁਰਾਕਾਂ ਹੋਣਗੀਆਂ। ਇਸ ਨੂੰ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਰੱਖਿਆ ਜਾ ਸਕਦਾ ਹੈ ਅਤੇ ਇਸ ਨੂੰ ਕੋਲਡ ਚੇਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਾਲ ਇਸ ਦੀ ਖੇਪ ਆਸਾਨੀ ਨਾਲ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਪਹੁੰਚਾਈ ਜਾ ਸਕਦੀ ਹੈ। ਬਾਇਓਟੈਕਨਾਲੋਜੀ ਵਿਭਾਗ ਦੇ ਅਧੀਨ ਕੰਮ ਕਰਨ ਵਾਲੇ ਬਾਇਓਟੈਕਨਾਲੌਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਦੇ ਅਧੀਨ ਰਾਸ਼ਟਰੀ ਬਾਇਓਫਾਰਮਾ ਮਿਸ਼ਨ (ਐਨਬੀਐਮ) ਦੁਆਰਾ ਇਸ ਟੀਕੇ ਨੂੰ ਸਹਿਯੋਗ ਮਿਲਿਆ ਹੈ।
ਤੀਜੇ ਗੇੜ ਦਾ ਪ੍ਰੀਖਣ ਮੁਕੰਮਲ
ਜਾਇਡਸ ਕੈਡਿਲਾ ਟੀਕੇ ਦਾ ਫੇਜ਼ III ਟਰਾਇਲ ਪੂਰਾ ਹੋ ਗਿਆ ਹੈ। ਇਹ ਅਜ਼ਮਾਇਸ਼ 28,000 ਤੋਂ ਵੱਧ ਵਾਲੰਟੀਅਰਾਂ 'ਤੇ ਕੀਤੀ ਗਈ ਹੈ। ਕਲੀਨਿਕਲ ਅਜ਼ਮਾਇਸਾਂ ਦਰਸਾਉਂਦੀਆਂ ਹਨ ਕਿ ਟੀਕਾ ਬੱਚਿਆਂ ਲਈ ਸੁਰੱਖਿਅਤ ਹੈ। ਕੰਪਨੀ ਨੇ ਇਸ ਟਰਾਇਲ ਦੇ ਅੰਕੜੇ ਡੀ.ਸੀ.ਜੀ.ਆਈ. ਐਮਰਜੈਂਸੀ ਵਰਤੋਂ ਲਈ ਇਜਾਜ਼ਤ ਮਿਲਣ ਤੋਂ ਬਾਅਦ, 12-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਜੁਲਾਈ ਦੇ ਅੰਤ ਜਾਂ ਅਗਸਤ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਸਕਦਾ ਹੈ।