ਵੈਨਕੂਵਰ: ਕੈਨੇਡਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਇਸ ਵਾਰ ਭਿਆਨਕ ਗਰਮੀ ਤੇ ਲੂ ਦੇ ਕਹਿਰ ਨੇ ਅੱਤ ਚੁੱਕੀ ਹੋਈ ਹੈ। ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਹੀ ਪਿਛਲੇ ਪੰਜ ਦਿਨਾਂ ਦੌਰਾਨ 486 ਮੌਤਾਂ ਹੋ ਗਈਆਂ ਹਨ। 98 ਮੌਤਾਂ ਤਾਂ ਇਕੱਲੇ ਮਹਾਂਨਗਰ ਵੈਨਕੂਵਰ ’ਚ ਹੀ ਹੋਈਆਂ ਹਨ; ਜਿਨ੍ਹਾਂ ਵਿੱਚੋਂ ਦੋ-ਤਿਹਾਈ ਮੌਤਾਂ 70 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਹਨ। ਇੰਝ ਹੀ 100 ਤੋਂ ਵੱਧ ਮੌਤਾਂ ਸਰੀ ਤੇ ਬਰਨਾਬੀ ਇਲਾਕਿਆਂ ’ਚ ਹੋਈਆਂ ਹਨ।
ਸਰਕਾਰ ਹਾਲੇ ਇਹ ਪਤਾ ਲਾ ਰਹੀ ਹੈ ਕਿ ਅਸਲ ਵਿੱਚ ਗਰਮੀ ਨਾਲ ਕਿੰਨੀਆਂ ਮੌਤਾਂ ਹੋਈਆਂ ਹਨ ਤੇ ਹੋਰ ਬੀਮਾਰੀਆਂ ਨਾਲ ਕਿੰਨੀਆਂ। ਇਸ ਵਾਰ ਕੈਨੇਡਾ ਵਿੱਚ ਹੱਦੋਂ ਵਧੇਰੇ ਤੇ ਉਚੇਰੇ ਤਾਪਮਾਨ ਦੇ ਸਾਰੇ ਵਿਸ਼ਵ ਰਿਕਾਰਡ ਟੁੱਟ ਗਏ ਹਨ।
ਬ੍ਰਿਟਿਸ਼ ਕੋਲੰਬੀਆ ਦੇ ਚੀਫ਼ ਕੋਰੋਨਰਜ ਲੀਜ਼ਾ ਲਾਪੁਆਏਂਟ ਨੇ ਕਿਹਾ ਕਿ ਹੁਣ ਅਜਿਹੇ ਉਪਾਵਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਭਵਿੱਖ ’ਚ ਅਜਿਹੀ ਗਰਮੀ ਦਾ ਸਾਹਮਣਾ ਕਰਨ ਲਈ ਕਿਹੜੇ-ਕਿਹੜੇ ਕਦਮ ਅਗਾਊਂ ਚੁੱਕੇ ਜਾਣੇ ਚਾਹੀਦੇ ਹਨ। ਸਮੁੰਦਰੀ ਕੰਢੇ ਉੱਤੇ ਸਥਿਤ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਕਦੇ ਇੰਨੀ ਅੰਤਾਂ ਦੀ ਕਹਿਰਵਾਨ ਗਰਮੀ ਪਹਿਲਾਂ ਕਦੇ ਨਹੀਂ ਪਈ।
ਲੰਘੇ ਸ਼ੁੱਕਰਵਾਰ ਤੋਂ ਲੈ ਕੇ ਬੁੱਧਵਾਰ ਦੁਪਹਿਰ ਤੱਕ ਬ੍ਰਿਟਿਸ਼ ਕੋਲੰਬੀਆ ’ਚ 486 ਮੌਤਾਂ ਹੋ ਚੁੱਕੀਆਂ ਹਨ; ਜੋ ਆਮ ਹਾਲਾਤ ਵਿੱਚ ਹੋਣ ਵਾਲੀਆਂ ਮੌਤਾਂ ਤੋਂ 195 ਫ਼ੀ ਸਦੀ ਵੱਧ ਹਨ। ਕਿਸੇ ਵੀ ਏਜੰਸੀ ਜਾਂ ਸਰਕਾਰ ਨੂੰ ਕੋਈ ਪੂਰਵ-ਅਨੁਮਾਨ ਨਹੀਂ ਸੀ ਕਿ ਇਸ ਵਾਰ ਗਰਮੀ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ।
ਸਰਕਾਰ ਹੁਣ ਇਕੱਲੇ-ਕਾਰੇ ਘਰਾਂ ਅੰਦਰ ਰਹਿੰਦੇ ਬਜ਼ੁਰਗਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਵੱਧ ਤੋਂ ਵੱਧ ਪਾਣੀ ਪੀਣ ਅਤੇ ਘਰਾਂ ਅੰਦਰ ਛਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਿਛਲੇ ਦਿਨਾਂ ਅੰਦਰ ਜਿੰਨੀਆਂ ਵੀ ਮੌਤਾਂ ਹੋਈਆਂ ਹਨ, ਉਨ੍ਹਾਂ ਦੇ ਘਰ ਕਾਫ਼ੀ ਗਰਮ ਪਾਏ ਗਏ ਸਨ।
ਇੰਨੀ ਜ਼ਿਆਦਾ ਗਰਮੀ ਪੈਣ ਦਾ ਕੋਈ ਠੋਸ ਕਾਰਣ ਹਾਲੇ ਤੱਕ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ। ਕੈਨੇਡੀਅਨ ਹੀ ਨਹੀਂ, ਸਗੋਂ ਪੂਰੀ ਦੁਨੀਆ ਹੀ ਇਸ ਗਰਮ ਵਰਤਾਰੇ ਤੋਂ ਡਾਢੀ ਹੈਰਾਨ-ਪ੍ਰੇਸ਼ਾਨ ਹੈ। ਕੀ ਇਹ ‘ਸੰਸਾਰਕ ਤਪਸ਼’ (ਗਲੋਬਲ ਵਾਰਮਿੰਗ) ਦਾ ਨਤੀਜਾ ਹੈ। ਕੀ ਕੁਝ ਸੌ ਸਾਲਾਂ ਵਿੱਚ ਸੱਚਮੁਚ ਧਰਤੀ ਦਾ ਤਾਪਮਾਨ ਇੰਨਾ ਜ਼ਿਆਦਾ ਹੋ ਜਾਵੇਗਾ ਕਿ ਇੱਥੇ ਰਹਿਣਾ ਅਸੰਭਵ ਹੋ ਜਾਵੇਗਾ।
ਇਹ ਵੀ ਪੜ੍ਹੋ: ਮੁੜ ਲੱਗੇਗਾ ਬਰਗਾੜੀ ਮੋਰਚਾ! ਸਿੱਖ ਜਥੇਬੰਦੀਆਂ ਦੇ ਐਲਾਨ ਮਗਰੋਂ ਪੂਰਾ ਇਲਾਕਾ ਸੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin