Canada Day 2021: ਅੱਜ ‘ਕੈਨੇਡਾ ਦਿਵਸ’ (Canada Day) ਹੈ ਤੇ ਆਮ ਤੌਰ ’ਤੇ ਇਸ ਦਿਨ ਸਮੁੱਚੇ ਕੈਨੇਡਾ ਦੇਸ਼ ਵਿੱਚ ਦੀਵਾਲੀ ਵਰਗਾ ਮਾਹੌਲ ਹੁੰਦਾ ਹੈ। ਦੀਪਮਾਲਾ ਕੀਤੀ ਜਾਂਦੀ ਹੈ ਤੇ ਆਤਿਸ਼ਬਾਜ਼ੀ ਵੀ ਚਲਾਈ ਜਾਂਦੀ ਹੈ। ਪਰ ਇਸ ਵਾਰ ਬਹੁਤ ਸਾਰੇ ਕੈਨੇਡੀਅਨ ਇਹ ਦਿਵਸ ਨਹੀਂ ਮਨਾ ਰਹੇ। ਦਰਅਸਲ, ਕੈਨੇਡਾ ਦੇ ਪੁਰਾਣੇ ਰਿਹਾਇਸ਼ੀ ਸਕੂਲਾਂ ਵਿੱਚੋਂ ਜਦ ਤੋਂ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ, ਤਦ ਤੋਂ ਬਹਤ ਸਾਰੇ ਲੋਕ ਦੁਖੀ, ਨਿਰਾਸ਼ ਤੇ ਨਾਰਾਜ਼ ਹਨ।


ਕੈਨੇਡਾ ਦੀ ਧਰਤੀ ਦੇ ਅਸਲ ਬਾਸ਼ਿੰਦੇ, ਜੋ ਦਰਅਸਲ ਦੇਸੀ ਕਬਾਇਲੀ ਲੋਕ ਹਨ ਤੇ ਉਨ੍ਹਾਂ ਨੂੰ ਅਮਰੀਕੀ ਮਹਾਂਦੀਪ ਵਿੱਚ ‘ਰੈੱਡ ਇੰਡੀਅਨ’ ਜਾਂ ‘ਐਬਓਰਿਜਿਨਲਜ਼’ ਕਿਹਾ ਜਾਂਦਾ ਹੈ, ਉਨ੍ਹਾਂ ਦਾ ਪਹਿਲਾਂ ਵੱਡੇ ਪੱਧਰ ਉੱਤੇ ਘਾਣ ਕੀਤਾ ਗਿਆ ਹੈ। ਉਸ ਗੱਲ ਨੂੰ ਲੈ ਕੇ ਮੌਜੂਦਾ ਕੈਨੇਡੀਅਨਾਂ ਦੇ ਮਨਾਂ ਵਿੱਚ ਡਾਢਾ ਰੋਹ ਤੇ ਰੋਸ ਹੈ।


ਕੈਨੇਡਾ ਦੇ ਪ੍ਰਮੁੱਖ ਦੇਸੀ ਆਗੂਆਂ ਵਿੱਚੋਂ ਇੱਕ ਜੂਡੀ ਵਿਲਸਨ ਦਾ ਮੰਨਣਾ ਹੈ ਕਿ ਇਸ ਵਾਰ ਦਾ ‘ਕੈਨੇਡਾ ਡੇਅ’ ਰੱਦ ਹੋਣਾ ਚਾਹੀਦਾ ਹੈ। ਇਸੇ ਲਈ ਬਹੁਤ ਸਾਰੇ ਲੋਕ ਐਤਕੀਂ ‘ਕੈਂਸਲ ਕੈਨੇਡਾ ਡੇਅ’ ਮੁਹਿੰਮ ਵੀ ਚਲਾ ਰਹੇ ਹਨ। ਜੂਡੀ ਵਿਲਸਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਸਥਿਤ ‘ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ’ ਤੋਂ 30 ਕੁ ਕਿਲੋਮੀਟਰ ਦੂਰ ‘ਨੈਸਕੋਨਲਿਥ ਇੰਡੀਅਨ ਬੈਂਡ’ ਦੇ ਮੁਖੀ ਹਨ।


ਦੱਸ ਦੇਈਏ, ਕੈਮਲੂਪਸ ਦੇ ਸਕੂਲ ਵਿੱਚ ਹੀ ਬੀਤੇ ਮਈ ਮਹੀਨੇ 215 ਦੇਸੀ ਭਾਵ ਰੈੱਡਇੰਡੀਅਨ ਬੱਚਿਆਂ ਦੇ ਪਿੰਜਰ ਮਿਲੇ ਸਨ। ਉਸ ਤੋਂ ਬਾਅਦ ਪਿਛਲੇ ਹਫ਼ਤੇ ਸਸਕੈਚੇਵਾਨ ਦੇ ਮੇਰੀਵਲ ਨਾਂ ਦੇ ਸਥਾਨ ਉੱਤੇ ‘ਮੇਰੀਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ’ ’ਚੋਂ ਵੀ 751 ਅਜਿਹੀਆਂ ਕਬਰਾਂ ਮਿਲੀਆਂ ਸਨ, ਜਿਨ੍ਹਾਂ ਦੀ ਪਹਿਲਾਂ ਕਦੇ ਕੋਈ ਸ਼ਨਾਖ਼ਤ ਹੀ ਨਹੀਂ ਹੋਈ। ਜਿਸ ਦਾ ਸਿੱਧਾ ਇਹੋ ਮਤਲਬ ਹੈ ਕਿ ਉਨ੍ਹਾਂ ਬੱਚਿਆਂ ਨੂੰ ਵੀ ਚੁੱਪ-ਚੁਪੀਤੇ ਇਸ ਲਈ ਮਾਰ ਦਿੱਤਾ ਗਿਆ ਸੀ ਕਿ ਤਾਂ ਜੋ ਕੈਨੇਡਾ ਵਿੱਚ ਦੇਸੀ ਲੋਕਾਂ ਦੀ ਗਿਣਤੀ ਨਾ ਵਧੇ।


ਇਸੇ ਲਈ ਹੁਣ ਜੂਡੀ ਵਿਲਸਨ ਪੁੱਛਦੇ ਹਨ ਕਿ ਇਸ ਵਾਰ ਕਾਹਦਾ ‘ਕੈਨੇਡਾ ਦਿਵਸ’ ਮਨਾਈਏ? ‘ਸੀਐੱਸ ਮੌਨੀਟਰ’ ਦੀ ਇੱਕ ਰਿਪੋਰਟ ਅਨੁਸਾਰ ਅਜਿਹੇ ਵਿਚਾਰ ਕਿਸੇ ਇੱਕ ਵਿਅਕਤੀ ਦੇ ਨਹੀਂ, ਸਗੋਂ ਇਸ ਵੇਲੇ ਕੈਨੇਡਾ ਦੇ ਲੱਖਾਂ ਨਾਗਰਿਕਾਂ ਦੇ ਹਨ। ਹੁਣ ਕੈਨੇਡਾ ਦੇ ਦੇਸੀ ਲੋਕ ਆਪਣੇ-ਆਪ ਨੂੰ ਮੌਜੂਦਾ ਤੇ ਪਿਛਲੇ ਗੋਰੇ ਹਾਕਮਾਂ ਨੂੰ ਆਪਣੇ ਕੱਟੜ-ਵਿਰੋਧੀ ਮੰਨਣ ਲੱਗ ਪਏ ਹਨ।


ਅਜਿਹਾ ਰੋਹ ਤੇ ਰੋਸ ਇਕੱਲੇ ਕੈਨੇਡਾ ’ਚ ਹੀ ਨਹੀਂ, ਸਗੋਂ ਅਮਰੀਕਾ ਵਿੱਚ ਵੀ ਪਾਇਆ ਜਾ ਰਿਹਾ ਹੈ। ਅਮਰੀਕਾ ਦੇ ਮੂਲ ਨਿਵਾਸੀ ‘ਰੈੱਡ ਇੰਡੀਅਨਜ਼’ ਵਿੱਚ ਵੀ ਬਿਲਕੁਲ ਅਜਿਹਾ ਹੀ ਰੋਸ ਹੈ। ਖ਼ਾਸ ਤੌਰ ਉੱਤੇ ਹਵਾਈ ਟਾਪੂ ਦੇ ਵਸਨੀਕਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਉੱਤੇ ਅਮਰੀਕੀ ਸਰਕਾਰ ਨੇ ਆ ਕੇ ਬਿਨਾ ਮਤਲਬ ਦਾ ਕਬਜ਼ਾ ਜਮਾ ਲਿਆ ਹੈ। ਇਸੇ ਲਈ ਅਮਰੀਕਾ ਦੇ ਆਮ ਨਾਗਰਿਕ ਜਦੋਂ ‘ਸ਼ੁਕਰਾਨਾ ਦਿਵਸ’ (ਥੈਂਕਸਗਿਵਿੰਗ ਡੇਅ) ਮਨਾਉਂਦੇ ਹਨ, ਤਾਂ ਦੇਸੀ ਨਾਗਰਿਕ ਉਸ ਦਿਨ ‘ਸੋਗ ਦਿਵਸ’ ਮਨਾਉਂਦੇ ਹਨ।


ਇਹ ਵੀ ਪੜ੍ਹੋ: LPG Price: ਅੱਜ ਤੋਂ LPG ਸਿਲੰਡਰ 25 ਰੁਪਏ ਹੋਇਆ ਮਹਿੰਗਾ, ਜਾਣੋ ਇਸ ਸਾਲ ਕਿੰਨਾ ਵਧ ਗਿਆ ਰੇਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904