ਨਵੀਂ ਦਿੱਲੀ: ਭਾਰਤੀ ਫੌਜ ਦਾ ਇੱਕ ਜਵਾਨ ਬਰਫਬਾਰੀ ਕਾਰਨ ਆਪਣੇ ਵਿਆਹ ਵਾਲੇ ਦਿਨ ਘਰ ਨਹੀਂ ਪਹੁੰਚ ਸਕਿਆ। ਵੀਰਵਾਰ ਨੂੰ ਮੰਡੀ ਖੇਤਰ 'ਚ ਰਹਿਣ ਵਾਲੇ ਸਿਪਾਹੀ ਸੁਨੀਲ ਦਾ ਵਿਆਹ ਸੀ। ਉਹ ਦੇਸ਼ ਦੀ ਰੱਖਿਆ ਲਈ ਕਸ਼ਮੀਰ ਘਾਟੀ 'ਚ ਤਾਇਨਾਤ ਹੈ। ਘਾਟੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਹੋਈ ਬਾਰਸ਼ ਤੇ ਬਰਫਬਾਰੀ ਕਾਰਨ ਉਹ ਘਾਟੀ ਤੋਂ ਬਾਹਰ ਨਹੀਂ ਜਾ ਸਕਿਆ। ਸੁਨੀਲ ਦੇ ਵਿਆਹ ਦੀ ਰਸਮ ਪਿਛਲੇ ਹਫਤੇ ਬੁੱਧਵਾਰ ਨੂੰ ਹੀ ਸ਼ੁਰੂ ਹੋਈ ਸੀ। ਵੀਰਵਾਰ ਨੂੰ ਸੁਨੀਲ ਦਾ ਸ਼ਗਨ ਸੀ।


ਸਾਰੇ ਰਿਸ਼ਤੇਦਾਰ ਸੁਨੀਲ ਦੇ ਵਿਆਹ 'ਚ ਪਹੁੰਚੇ। ਸੁਨੀਲ ਦੀਆਂ ਛੁੱਟੀਆਂ 1 ਜਨਵਰੀ ਤੋਂ ਸ਼ੁਰੂ ਹੋਈਆਂ ਸੀ। ਭਾਰਤੀ ਸੈਨਾ ਦੀ ਚਿਨਾਰ ਕੋਰ ਨੇ ਐਤਵਾਰ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਭਾਰਤੀ ਸੈਨਾ ਦੇ ਚਿਨਾਰ ਕੋਰ ਵੱਲੋਂ ਟਾਈਮਜ਼ ਆਫ਼ ਇੰਡੀਆ ਅਖ਼ਬਾਰ 'ਚ ਛਪੀ ਖ਼ਬਰ ਨੂੰ ਟਵੀਟ ਕਰਕੇ ਕਿਹਾ ਗਿਆ, "ਇਹ ਇੱਕ ਵਾਅਦਾ ਹੈ ਕਿ ਜ਼ਿੰਦਗੀ ਇੰਤਜ਼ਾਰ ਕਰੇਗੀ।" ਭਾਰਤੀ ਫੌਜ ਦਾ ਸਿਪਾਹੀ ਬਰਫਬਾਰੀ ਕਾਰਨ ਆਪਣੇ ਵਿਆਹ 'ਚ ਨਹੀਂ ਪਹੁੰਚ ਸਕਿਆ। ਦੇਸ਼ ਪਹਿਲਾਂ ਹੈ। ਦੁਲਹਨ ਦੇ ਰਿਸ਼ਤੇਦਾਰ ਨਵੀਂ ਤਰੀਕ 'ਤੇ ਵਿਆਹ ਕਰਨ ਲਈ ਤਿਆਰ ਹੋ ਗਏ ਹਨ।"


ਦੱਸ ਦੇਈਏ ਕਿ ਸੁਨੀਲ, ਭਾਰਤੀ ਫੌਜ ਦਾ ਸਿਪਾਹੀ ਤੇ ਹਿਮਾਚਲ ਦੀ ਮੰਡੀ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਬਰਫਬਾਰੀ ਕਾਰਨ ਸਾਰੀਆਂ ਸੜਕਾਂ ਬੰਦ ਹੋ ਗਈਆਂ ਸੀ। ਇਸ ਕਾਰਨ ਨੌਜਵਾਨ ਸੁਨੀਲ ਬਾਂਦੀਪੋਰੋ 'ਚ ਫਸ ਗਿਆ। ਸੁਨੀਲ ਨੇ ਇਹ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਫੋਨ ਤੇ ਦਿੱਤੀ। ਸੁਨੀਲ ਨੇ ਦੱਸਿਆ ਕਿ ਫਲਾਈਟ ਉਡਾਣ ਨਹੀਂ ਭਰ ਸਕਦੀ ਇਸ ਲਈ ਆਉਣਾ ਸੰਭਵ ਨਹੀਂ ਹੋਵੇਗਾ। ਉਸੇ ਸਮੇਂ, ਦੁਲਹਨ ਦੇ ਚਾਚੇ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਦੇਸ਼ ਦੀ ਰੱਖਿਆ ਕਰ ਰਿਹਾ ਹੈ ਤੇ ਸਾਨੂੰ ਉਸ 'ਤੇ ਮਾਣ ਕਰਦੇ ਹਾਂ।