ਸੋਨੀਪਤ: ਕੁੰਡਲੀ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਵਿੱਚ ਦੋ ਨਾਬਾਲਗ ਭੈਣਾਂ ਦਾ ਪਹਿਲਾਂ ਸਮੂਹਿਕ ਬਲਾਤਕਾਰ ਕੀਤਾ ਤੇ ਫਿਰ ਉਨ੍ਹਾਂ ਨੂੰ ਜਬਰੀ ਫਸਲਾਂ ਉੱਤੇ ਛਿੜਕਾਅ ਕਰਨ ਵਾਲਾ ਕੀਟਨਾਸ਼ਕ ਪਿਆਇਆ ਗਿਆ। ਬੱਚੀਆਂ ਦੀ ਹਾਲਤ ਵਿਗੜਣ ਉੱਤੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਨੂੰ ਪਰਿਵਾਰਕ ਮੈਂਬਰਾਂ ਨੇ ਸੱਪ ਦੇ ਕੱਟਣ ਨਾਲ ਹੋਈ ਮੌਤ ਬਾਰੇ ਸੂਚਿਤ ਕੀਤਾ ਸੀ। ਸ਼ੱਕ ਹੋਣ 'ਤੇ ਪੁਲਿਸ ਨੇ ਪੋਸਟਮਾਰਟਮ ਕਰਵਾਇਆ, ਫਿਰ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਕੀਟਨਾਸ਼ਕਾਂ ਦੇ ਪ੍ਰਭਾਵ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ। ਜਦੋਂ ਪੁਲਿਸ ਨੇ ਪਰਿਵਾਰ ਨੂੰ ਭਰੋਸੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਕੁੜੀਆਂ ਦੀ ਮਾਂ ਨੇ ਚਾਰ ਨੌਜਵਾਨਾਂ ਖਿਲਾਫ ਸਮੂਹਿਕ ਬਲਾਤਕਾਰ ਤੇ ਕਤਲ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਦੋਸ਼ੀਆਂ ਨੇ ਲੜਕੀਆਂ ਦੀ ਮਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਹ ਪਰਿਵਾਰ ਸਮੇਤ ਕਤਲ ਕਰ ਦੇਣਗੇ।

ਹਾਸਲ ਜਾਣਕਾਰੀ ਅਨੁਸਾਰ ਕੁੰਡਲੀ ਥਾਣਾ ਖੇਤਰ ਦੇ ਪਿੰਡ ਦੀ ਕਲੋਨੀ ਬਣੀ ਹੋਈ ਹੈ। ਇਸ ਵਿੱਚ ਖੇਤਾਂ ‘ਚ ਕੰਮ ਕਰਨ ਵਾਲੇ ਮਜ਼ਦੂਰ ਰਹਿੰਦੇ ਹਨ। ਪੀੜਤ ਪਰਿਵਾਰ ਵੀ ਇਸ ਕਾਲੋਨੀ ਵਿੱਚ ਰਹਿੰਦਾ ਹੈ। ਪਰਿਵਾਰ ਵਿੱਚ ਪਤੀ ਤੇ ਪਤਨੀ ਦੇ ਨਾਲ 14 ਤੇ 16 ਸਾਲ ਦੀਆਂ ਦੋ ਲੜਕੀਆਂ ਤੇ ਦੋ ਛੋਟੇ ਭਰਾ ਹਨ। ਉਨ੍ਹਾਂ ਦੇ ਗੁਆਂਢ ਵਿੱਚ ਬਿਹਾਰ ਦੇ ਕੁਝ ਕਾਮੇ ਰਹਿੰਦੇ ਹਨ।

5 ਅਗਸਤ ਦੀ ਰਾਤ ਨੂੰ ਦੋਵਾਂ ਲੜਕੀਆਂ ਦੀ ਹਾਲਤ ਵਿਗੜਣ ਉਤੇ ਪਰਿਵਾਰਕ ਮੈਂਬਰਾਂ ਨੂੰ ਨਰੇਲਾ-ਦਿੱਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਲੜਕੀਆਂ ਦੀ ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਘਰ ਵਿੱਚ ਸੌਂਦੇ ਸਮੇਂ ਲੜਕੀਆਂ ਨੂੰ ਸੱਪ ਦੇ ਡੱਸ ਲਿਆ ਸੀ। ਔਰਤ ਨੇ ਦੱਸਿਆ ਕਿ ਸੱਪ ਦੀ ਫੁੰਕਾਰ ਸੁਣ ਕੇ ਉਸ ਦੀ ਅੱਖ ਖੁੱਲ੍ਹ ਗਈ ਤੇ ਜਦੋਂ ਉਸ ਨੇ ਲਾਈਟ ਜਗਾਈ ਤਾਂ ਸੱਪ ਕਮਰੇ ਵਿੱਚੋਂ ਭੱਜ ਰਿਹਾ ਸੀ।

ਪੁਲਿਸ ਨੇ ਸ਼ੱਕ ਹੋਣ 'ਤੇ ਲੜਕੀਆਂ ਦਾ ਪੋਸਟਮਾਰਟਮ ਕਰਵਾਇਆ। ਸੋਮਵਾਰ ਸ਼ਾਮ ਨੂੰ ਪੁਲਿਸ ਨੂੰ ਪੋਸਟਮਾਰਟਮ ਦੀ ਰਿਪੋਰਟ ਮਿਲੀ। ਰਿਪੋਰਟ ਅਨੁਸਾਰ, ਦੋਵਾਂ ਲੜਕੀਆਂ ਨਾਲ ਪਹਿਲਾਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੀਟਨਾਸ਼ਕ ਦਵਾਈ ਦਿੱਤੀ ਗਈ। ਪੋਸਟਮਾਰਟਮ ਵਿੱਚ ਲੜਕੀਆਂ ਦੇ ਸਰੀਰ 'ਤੇ ਦੰਦਾਂ ਨਾਲ ਕੱਟਣਾ, ਨਹੁੰਆਂ ਨਾਲ ਨੌਚਣ ਤੇ ਚਿਹਰੇ 'ਤੇ ਦਬਾਅ ਦੇ ਨਿਸ਼ਾਨ ਵੀ ਮਿਲੇ ਹਨ।

ਉਸ ਤੋਂ ਬਾਅਦ ਪੁਲਿਸ ਲੜਕੀ ਦੀ ਮਾਂ ਨੂੰ ਥਾਣੇ ਲੈ ਕੇ ਆਈ ਤੇ ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਪੁੱਛਗਿੱਛ ਕੀਤੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲੇ ਅਰੁਣ ਕੁਮਾਰ, ਫੂਲਚੰਦ, ਦੁਖਨ ਪੰਡਤ ਤੇ ਰਾਮ ਸੁਹਾਗ ਉਸ ਦੀਆਂ ਧੀਆਂ ਨਾਲ ਗੰਦਾ ਕੰਮ ਕਰਦੇ ਸਨ। ਰਾਤ ਨੂੰ ਕਮਰੇ ਦੇ ਬਾਹਰ ਖੜ੍ਹੀਆਂ ਧੀਆਂ ਅਚਾਨਕ ਗਾਇਬ ਹੋ ਗਈਆਂ। ਦੋਸ਼ੀ ਉਸ ਨੂੰ ਘਸੀਟ ਕੇ ਆਪਣੇ ਘਰ ਲੈ ਗਏ। ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ, ਉਸ ਨੂੰ ਸਾਡੇ ਘਰ ਛੱਡ ਗਏ। ਉਨ੍ਹਾਂ ਦਾ ਸਰੀਰ ਨੀਲਾ ਪੈ ਗਿਆ ਸੀ।  

ਪੁਲਿਸ ਨੇ ਚਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦਾ ਬਿਹਾਰ ਦਾ ਪਤਾ ਲਗਾਇਆ ਜਾ ਰਿਹਾ ਹੈ। ਦੋਸ਼ੀਆਂ ਦੀ ਦੋ ਪੁਲਿਸ ਦੀ ਟੀਮਾਂ ਬਣਾਈਆਂ ਹਨ।