ਜੰਮੂ: ਜੰਮੂ ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਾਲ 2020 ਦੇ ਪਹਿਲੇ ਡੇਢ ਮਹੀਨਿਆਂ ਵਿੱਚ ਸੂਬੇ 'ਚ ਅੱਤਵਾਦੀ ਹਿੰਸਾ ਵਿੱਚ 60% ਦੀ ਕਮੀ ਆਈ ਹੈ। ਇਸ ਦੇ ਨਾਲ ਹੀ, ਮੌਜੂਦਾ ਸਾਲ ਵਿੱਚ ਕੋਈ ਪੱਥਰਬਾਜ਼ੀ ਦੀ ਘਟਨਾ ਨਹੀਂ ਵਾਪਰੀ। ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਸਾਲ 2019 ਦੇ ਪਹਿਲੇ ਡੇਢ ਮਹੀਨੇ ਦੀ ਤੁਲਨਾ 'ਚ ਇਸ ਸਾਲ ਹੁਣ ਤੱਕ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਿੰਸਾ 'ਚ ਵੱਡੀ ਕਮੀ ਦਰਜ ਕੀਤੀ ਗਈ ਹੈ

ਡੀਜੀਪੀ ਦਿਲਬਾਗ ਸਿੰਘ ਨੇ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੂੰ ਦੱਸਿਆ ਕਿ ਸਾਲ 2019 ਦੇ ਫਰਵਰੀ ਮਹੀਨੇ ਦੇ ਅੱਧੇ ਮਹੀਨੇ ਅਤੇ ਫਰਵਰੀ 2020 ਦੇ ਅੱਧੇ ਮਹੀਨੇ ਦੀ ਤੁਲਨਾ 'ਚ ਅੱਤਵਾਦੀ ਹਿੰਸਾ ਵਿਚ 60 ਪ੍ਰਤੀਸ਼ਤ ਕਮੀ ਆਈ ਹੈ। ਇਸ ਦੇ ਨਾਲ ਇਸ ਸਾਲ ਜੰਮੂ-ਕਸ਼ਮੀਰ 'ਚ ਕਾਨੂੰਨ ਵਿਵਸਥਾ ਨਾਲ ਸਬੰਧਤ ਕੋਈ ਵੀ ਵੱਡੀ ਮੁਸੀਬਤ ਪੈਦਾ ਨਹੀਂ ਹੋਈ ਹੈ। ਡੀਜੀਪੀ ਨੇ ਇਹ ਵੀ ਕਿਹਾ ਕਿ ਇਸ ਸਾਲ ਹੁਣ ਤੱਕ ਕਿਸੇ ਮੁਕਾਬਲੇ ਜਾਂ ਅੱਤਵਾਦੀਆਂ ਨੂੰ ਦਫਨਾਉਣ ਸਮੇਂ ਕੋਈ ਪੱਥਰਬਾਜ਼ੀ ਦੀ ਕੋਈ ਘਟਨਾ ਨਹੀਂ ਵਾਪਰੀ।

ਇਸ ਸਾਲ 13 ਫਰਵਰੀ ਤੱਕ ਜੰਮੂ-ਕਸ਼ਮੀਰ '20 ਅੱਤਵਾਦੀ ਮਾਰੇ ਜਾ ਚੁੱਕੇ ਹਨ ਜਦੋਂ ਕਿ 4 ਨੂੰ ਜ਼ਿੰਦਾ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਨਾਲ ਹੀ ਅੱਤਵਾਦੀਆਂ ਦੇ 12 ਮਦਦਗਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਸ਼ਮੀਰ ਘਾਟੀ ਜਾਂ ਨੇੜਲੇ ਇਲਾਕਿਆਂ ਵਿੱਚ ਗ੍ਰਨੇਡ ਸੁੱਟਣ ਦੀਆਂ ਘਟਨਾਵਾਂ 'ਚ ਸ਼ਾਮਲ ਸੀ।