ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਦਿਨੀਂ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਏ ਹੋਏ ਸੀ ਜਿੱਥੋਂ ਉਨ੍ਹਾਂ ਦੀ ਅੱਜ ਵਾਪਸੀ ਹੋਈ ਹੈ ਤੇ ਉਹ ਭਾਰਤ ਪਹੁੰਚ ਚੁੱਕੇ ਹਨ। ਭਾਰਤ ਵਾਪਸੀ ਤੋਂ ਬਾਅਦ ਜਥੇਦਾਰ ਨੇ ਹਾਲ ਹੀ 'ਚ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਦਿੱਤੇ ਵਿਵਾਦਤ ਬਿਆਨ 'ਤੇ ਰੋਸ਼ ਜ਼ਾਹਿਰ ਕੀਤਾ ਹੈ।


ਉਨ੍ਹਾਂ ਕਿਹਾ ਕਿ ਡੀਜੀਪੀ ਦੇ ਬਿਆਨ ਨਾਲ ਦੁਨੀਆ ਭਰ ਦੇ ਸਿੱਖਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀਜੀਪੀ ਮੁਤਾਬਕ ਜੇਕਰ ਕੋਈ ਪਾਕਿ 'ਚ ਛੇ ਘੰਟੇ ਰਹਿ ਕੇ ਅੱਤਵਾਦੀ ਬਣ ਸਕਦਾ ਹੈ ਪਰ ਅਸੀਂ ਤਾਂ ਪੰਜ ਦਿਨ ਰਹਿ ਕੇ ਆਏ ਹਾਂ ਅਸੀਂ ਤਾਂ ਅੱਤਵਾਦੀ ਨਹੀਂ ਬਣੇ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਨੂੰ ਨੈਤਿਕਤਾ ਦੇ ਅਧਾਰ 'ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਾਕਿਸਤਾਨ ਦੌਰੇ ਦੌਰਾਨ ਉੱਥੇ ਦੀ ਆਵਾਮ ਤੋਂ ਕਾਫੀ ਪਿਆਰ ਸਤਿਕਾਰ ਮਿਲਿਆ ਹੈ। ਇਸ ਤੋਂ ਇਲਾਵਾ ਦਿੱਲੀ 'ਚ ਹੋ ਰਹੇ ਹੰਗਾਮੇ 'ਤੇ ਬੋਲਦਿਆਂ ਜੱਥੇਦਾਰ ਨੇ ਕਿਹਾ ਕਿ ਜਦੋਂ ਵੀ ਕੋਈ ਅਮਰੀਕੀ ਰਾਸ਼ਟਰਪਤੀ ਭਾਰਤ ਆਉਂਦਾ ਹੈ ਤਾਂ ਇੱਥੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਿਲ ਕਲਿੰਟਨ ਭਾਰਤ ਦੌਰੇ 'ਤੇ ਸੀ ਤਾਂ ਉਸ ਸਮੇਂ ਕਸ਼ਮੀਰ '36 ਸਿੱਖਾਂ ਦਾ ਕਤਲ ਹੋਇਆ ਸੀ। ਹੁਣ ਦਿੱਲੀ 'ਚ ਹਾਲਾਤ ਬੇਹੱਦ ਖ਼ਰਾਬ ਹਨ। ਇਸ ਦੀ ਪੁਖ਼ਤਾ ਜਾਂਚ ਹੋਣੀ ਚਾਹੀਦੀ ਹੈ।