ਕੋਲਕਾਤਾ: ਪੱਛਮੀ ਬੰਗਾਲ ਵਿੱਚ ਐਤਵਾਰ ਨੂੰ ਬੀਜੇਪੀ ਦੇ ਸੰਸਦ ਮੈਂਬਰ ਅਰਜੁਨ ਸਿੰਘ 'ਤੇ ਹਮਲਾ ਕਰਨ ਤੇ ਉਨ੍ਹਾਂ ਦੀ ਕਾਰ ਦੀ ਵੀ ਭੋਨ੍ਹਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੱਛਮ ਬੰਗਾਲ ਵਿੱਚ ਬੀਜੇਪੀ ਦੇ ਸੰਸਦ ਮੈਂਬਰ ਅਰਜੁਨ ਸਿੰਘ ਨੇ ਹਮਲੇ ਦਾ ਇਲਜ਼ਾਮ ਲਾਇਆ ਹੈ।

ਉਨ੍ਹਾਂ ਮੁਤਾਬਕ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ, ਪੁਲਿਸ ਕਮਿਸ਼ਨਰ ਮਨੋਜ ਵਰਮਾ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਤੇ ਅਪਸ਼ਬਦ ਬੋਲੇ। ਉਨ੍ਹਾਂ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਰਿਹਾਇਸ਼ ਉੱਤੇ ਵੀ ਹਮਲਾ ਕੀਤਾ ਗਿਆ।

ਟੀਐਮਸੀ ਵਰਕਰਾਂ ਨੇ ਉੱਤਰ 24 ਪਰਗਨਾ ਦੇ ਸ਼ਿਆਮਨਗਰ ਰੇਲਵੇ ਸਟੇਸ਼ਨ ਨੇੜੇ ਬੀਜੇਪੀ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੀ ਕਾਰ ਵਿੱਚ ਕਥਿਤ ਤੌਰ 'ਤੇ ਤੋੜ-ਭੰਨ੍ਹ ਕੀਤੀ। ਅਰਜੁਨ ਸਿੰਘ ਮੁਤਾਬਕ ਹਮਲਾਵਰ ਉਨ੍ਹਾਂ ਦੇ ਪਾਰਟੀ ਦਫਤਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜਦੋਂ ਉਹ ਜਾਂਚ ਕਰਨ ਗਏ ਤਾਂ ਉਨ੍ਹਾਂ ਦੀ ਕਾਰ ਦੀ ਭੰਨ੍ਹਤੋੜ ਕੀਤੀ ਗਈ। ਇਸ ਦੌਰਾਨ ਪੁਲਿਸ ਵੀ ਮੌਕੇ 'ਤੇ ਮੌਜੂਦ ਸੀ।

ਯਾਦ ਰਹੇ ਇਸ ਤੋਂ ਪਹਿਲਾਂ ਬੰਗਾਲ ਦੇ ਬੀਜੇਪੀ ਪ੍ਰਧਾਨ ਦਿਲੀਪ ਘੋਸ਼ 'ਤੇ ਸ਼ੁੱਕਰਵਾਰ ਸਵੇਰੇ-ਸਵੇਰੇ ਹਮਲਾ ਕੀਤਾ ਗਿਆ। ਉਸੇ ਦਿਨ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਉੱਤਰੀ ਬਨਗਾਓਂ ਖੇਤਰ ਦੇ ਵਿਧਾਇਕ ਤੇ ਬੀਜੇਪੀ ਲੀਡਰ ਵਿਸ਼ਵਜੀਤ ਦਾਸ ਉੱਤੇ ਵੀ ਹਮਲਾ ਕੀਤਾ ਗਿਆ। ਉਨ੍ਹਾਂ 'ਤੇ ਇੱਟਾਂ ਤੇ ਪੱਥਰਾਂ ਮਾਰੇ ਗਏ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ।

ਫਿਲਹਾਲ ਉਨ੍ਹਾਂ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਵਿਸ਼ਵਜੀਤ ਦਾਸ ਉੱਤੇ ਵਿਧਾਨ ਸਭਾ ਵਿੱਚ ਜਾਂਦੇ ਸਮੇਂ ਹਮਲਾ ਕੀਤਾ ਗਿਆ। ਬੀਜੇਪੀ ਨੇ ਇਨ੍ਹਾਂ ਦੋਵਾਂ ਲੀਡਰਾਂ ‘ਤੇ ਤ੍ਰਿਣਮੂਲ ਦੇ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਦਾ ਇਲਜ਼ਾਮ ਲਾਇਆ ਹੈ।