ਅੰਮ੍ਰਿਤਸਰ: ਡੇਅਰੀ ਉਤਪਾਦਕਾਂ ਲਈ ਖੁਸ਼ੀ ਦੀ ਖਬਰ ਹੈ। ਮਿਲਕਫੈਡ ਵੱਲੋਂ ਦੁੱਧ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਇਸ ਨਾਲ ਚਾਹੇ ਆਮ ਉਪਭੋਗਤਾ 'ਤੇ ਬੋਝ ਪਏਗਾ ਪਰ ਮੰਦੀ ਦੇ ਸ਼ਿਕਾਰ ਕਿਸਾਨਾਂ ਨੂੰ ਲਾਹਾ ਮਿਲਣ ਦੀ ਉਮੀਦ ਹੈ।

ਸੂਤਰਾਂ ਮੁਤਾਬਕ ਅੱਜ ਪਹਿਲੀ ਸਤੰਬਰ ਤੋਂ ਦੁੱਧ ਦੇ ਖਰੀਦ ਭਾਅ ਵਿੱਚ 10 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਇਸ ਨਾਲ ਦੁੱਧ ਦਾ ਖਰੀਦ ਭਾਅ 660 ਰੁਪਏ ਪ੍ਰਤੀ ਕਿਲੋ ਫੈਟ ਤੋ ਵੱਧ ਕੇ 670 ਰੁਪਏ ਪ੍ਰਤੀ ਕਿਲੋ ਫੈਟ ਹੋ ਗਿਆ ਹੈ।

ਕਾਬਲੇਗੌਰ ਹੈ ਕਿ 29 ਅਗਸਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੁੱਧ ਦੇ ਖਰੀਦ ਭਾਅ ਨੂੰ ਵਧਾਉਣ ਬਾਰੇ ਕਿਹਾ ਗਿਆ ਸੀ। ਇਸ 'ਤੇ ਅਮਲ ਕਰਦਿਆਂ ਮੈਨੇਜਿੰਗ ਡਾਇਰੈਕਟਰ ਮਿਲਕਫੈਡ, ਪੰਜਾਬ ਕਮਲਦੀਪ ਸਿੰਘ ਸੰਘਾ ਵੱਲੋਂ ਰੇਟ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਲਾਭ ਦੇਣ ਲਈ ਮਿਲਕਫੈਡ ਵੱਲੋਂ ਇਸ ਸਾਲ ਦੌਰਾਨ ਦੁੱਧ ਦੇ ਖਰੀਦ ਭਾਅ ਵਿਚ 9ਵੀਂ ਵਾਰ ਰਿਕਾਰਡ ਵਾਧਾ ਕੀਤਾ ਗਿਆ ਹੈ।