ਪਟਿਆਲਾ: ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ ਸੀ। ਇਸ ਦੌਰਾਨ ਉਸ ‘ਤੇ ਤਸ਼ੱਦਦ ਢਾਹੁਣ ਦਾ ਇਲਜ਼ਾਮ ਹੁਣ ਦਿੱਲੀ ਪੁਲਿਸ ‘ਤੇ ਲੱਗ ਰਿਹਾ ਹੈ। ਇਸ ਮਾਮਲੇ ‘ਚ ਪਟਿਆਲਾ ਪੁਲਿਸ ਨੇ ਸੋਮਵਾਰ ਨੂੰ ਗੁਰਦੀਪ ਦੇ ਬਿਆਨ ਦਰਜ ਕੀਤੇ ਪਰ ਇਸ ਦੌਰਾਨ ਵੀ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਕਿਉਂਕਿ ਬਿਆਨਾਂ ‘ਚ ਦਿੱਲੀ ਪੁਲਿਸ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਪੁਲਿਸ ਨੇ ਮੁੜ ਬਿਆਨ ਠੀਕ ਕੀਤੇ।

 

ਦੱਸ ਦਈਏ ਕਿ ਪਟਿਆਲਾ ਅਰਬਨ ਸਟੇਟ ਥਾਣੇ ਦੇ ਏਐਸਆਈ ਅਜੈਬ ਸਿੰਘ ਨੇ ਗੁਰਦੀਪ ਸਿੰਘ ਦੇ ਬਿਆਨ ਲਏ ਸੀ। ਕਰੀਬ ਦੋ ਘੰਟੇ ਦੀ ਪੁੱਛਗਿੱਛ ਮਗਰੋਂ ਪੁਲਿਸ ਨੇ ਬਿਆਨ ਦਰਜ ਕੀਤਾ। ਏਐਸਆਈ ਅਜੈਬ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਗੁਰਦੀਪ ਸਿੰਘ ਦੇ ਬਿਆਨ ਦਰਜ ਹੋਣ ਤੋਂ ਬਾਅਦ ਉਦੋਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਗੁਰਦੀਪ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪਟਿਆਲਾ ਪੁਲਿਸ ਨੇ ਦਰਜ ਕੀਤੇ ਬਿਆਨ ਵਿੱਚ ਦਿੱਲੀ ਪੁਲਿਸ ਦਾ ਜ਼ਿਕਰ ਹੀ ਨਹੀਂ ਕੀਤਾ। ਸਿਰਫ ਤੇ ਸਿਰਫ ਅਣਪਛਾਤੇ ਵਿਅਕਤੀ ਲਿਖੇ ਗਏ। ਗੁਰਦੀਪ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪਟਿਆਲਾ ਪੁਲਿਸ ਵੱਲੋਂ ਦਰਜ ਕੀਤੇ ਗਏ ਬਿਆਨਾਂ ਵਿੱਚ ਦਿੱਲੀ ਪੁਲਿਸ ਦਾ ਜ਼ਿਕਰ ਨਹੀਂ ਕੀਤਾ ਗਿਆ।

 

ਇਸ ਮੌਕੇ ਜਦੋਂ ਏਐਸਆਈ ਅਜ਼ੈਬ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਦੀਪ ਨੇ ਬਿਆਨ 'ਚ ਦਿੱਲੀ ਪੁਲਿਸ ਦਾ ਜ਼ਿਕਰ ਨਹੀਂ ਕੀਤਾ। ਜਦੋਂਕਿ ਦੂਜੇ ਪਾਸੇ ਗੁਰਦੀਪ ਨੇ ਮੌਕੇ 'ਤੇ ਇਹ ਕਿਹਾ ਕਿ ਉਸ ਨੇ ਦਿੱਲੀ ਪੁਲਿਸ ਦੇ ਵਿਸ਼ੇਸ਼ ਕਰਮਚਾਰੀਆਂ ਬਾਰੇ ਲਿਖਵਾਇਆ ਸੀ ਤੇ ਕਿਹਾ ਸੀ ਕਿ ਜਦੋਂ ਉਹ ਸਾਹਮਣੇ ਆਉਣਗੇ ਤਾਂ ਉਹ ਉਨ੍ਹਾਂ ਦੀ ਪਛਾਣ ਕਰ ਸਕਦਾ ਹੈ।

 

ਮਾਹੌਲ ਤਣਾਅਪੂਰਨ ਹੁੰਦਾ ਵੇਖ ਕੇ ਪਟਿਆਲਾ ਪੁਲਿਸ ਨੇ ਅਣਪਛਾਤੇ ਲੋਕਾਂ ਦੀ ਥਾਂ ਗੁਰਦੀਪ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਜਵਾਨਾਂ ਨੂੰ ਦਾਖਲ ਕੀਤਾ ਤੇ ਉਸ ਤੋਂ ਬਾਅਦ ਬਿਆਨ ਦੀ ਕਾਪੀ ਗੁਰਦੀਪ ਨੂੰ ਵੀ ਦਿੱਤੀ ਗਈ। ਪਟਿਆਲਾ ਪੁਲਿਸ ਬਿਆਨ ਦਰਜ ਕਰਨ ਲਈ ਆਪਣੇ ਨਾਲ ਲੈਪਟਾਪ ਤੇ ਹੋਰ ਸਾਮਾਨ ਲੈ ਕੇ ਆਈ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਪੀੜਤ ਪਰਿਵਾਰ ਨੂੰ ਇੱਕ ਕਾਪੀ ਭੇਜੀ ਜਾਵੇਗੀ ਤੇ ਪਰਿਵਾਰ ਨੂੰ ਪੂਰਾ ਨਸਾਫ ਦਿੱਤਾ ਜਾਵੇਗਾ।