ਕਰਨਾਲ: ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਆਪਣਾ ਪ੍ਰਦਰਸ਼ਨ ਤੇਜ਼ ਕਰ ਰਹੇ ਹਨ। ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੋਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਗੱਡੀਆਂ 'ਤੇ ਰਵਾਨਾ ਹੋਏ। ਕਿਸਾਨ ਉਥੇ ਇੱਕ ਹਫਤੇ ਲੰਗਰ ਦੀ ਸੇਵਾ ਕਰਨਗੇ। ਇਹ ਕਾਫਲਾ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਅੱਗੇ ਵਧਿਆ।
ਚੜੂਨੀ ਨੇ ਕਿਹਾ ਕਿ ਕਰਨਾਲ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ ਤਾਂ ਜੋ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੀ ਹਾਜ਼ਰੀ ਜਾਰੀ ਰਹੇ। ਉਨ੍ਹਾਂ ਕਿਹਾ ਕੋਰੋਨਾ ਕਿਸਾਨ ਨਹੀਂ, ਸਰਕਾਰ ਫੈਲਾ ਰਹੀ ਹੈ, ਸਰਕਾਰ ਆਪਣੇ ਨਿੰਕਮੇਪਣ ਨੂੰ ਲੁਕਾਉਣ ਲਈ ਕਿਸਾਨਾਂ 'ਤੇ ਦੋਸ਼ ਲਗਾ ਰਹੀ ਹੈ।
ਚੜੂਨੀ ਨੇ ਕਿਹਾ ਸਰਕਾਰ ਕੋਲ ਨਾ ਤਾਂ ਐਂਬੂਲੈਂਸ ਸੇਵਾ ਹੈ, ਨਾ ਬਿਸਤਰੇ ਤੇ ਨਾ ਹੀ ਹਸਪਤਾਲ, ਤੇ ਆਪਣੀਆਂ ਅਸਫਲਤਾਵਾਂ ਲੁਕਾਉਣ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਜੇ ਇਹ ਸਥਿਤੀ ਹੈ ਤਾਂ ਸਰਕਾਰ ਪ੍ਰੋਗਰਾਮ ਕਿਉਂ ਕਰ ਰਹੀ ਹੈ, ਕਿਉਂ ਭੀੜ ਇਕਠੀ ਕਰ ਰਹੀ ਹੈ। ਉਨ੍ਹਾਂ ਕਿਹਾ ਅਸੀਂ ਤਾਂ ਮਜਬੂਰ ਹਾਂ, ਪਰ ਸਰਕਾਰ ਦੀ ਕੀ ਬੇਵਸੀ ਹੈ? ਇਹ ਕਾਫਲਾ ਕਰਨਾਲ ਤੋਂ ਇਸ ਲਈ ਕੱਢਿਆ ਗਿਆ ਹੈ ਤਾਂ ਕਿ ਸਿੰਘੂ ਸਰਹੱਦ 'ਤੇ ਹਾਜ਼ਰੀ ਬਣੀ ਰਹੇ, ਤੇ ਸਰਕਾਰ ਨੂੰ ਮਹਿਸੂਸ ਨਾ ਹੋਵੇ ਕਿ ਅੰਦੋਲਨ ਠੰਢਾ ਪੈ ਗਿਆ ਹੈ।
ਚੜੂਨੀ ਨੇ ਦੱਸਿਆ ਕਿ ਸਾਰੇ ਕਿਸਾਨ ਨਿਰੰਤਰ ਉਥੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਕਿ ਕਿਸਾਨ ਵੀ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹੈ। ਜਦੋਂ ਸਰਕਾਰ ਤਿਆਰ ਹੈ ਤਾਂ ਅਸੀਂ ਵੀ ਤਿਆਰ ਹਾਂ, ਪਰ ਗੱਲਬਾਤ ਹੋਣੀ ਚਾਹੀਦੀ ਹੈ। ਇਹ ਪੱਤਰ ਸਰਕਾਰ ਨੂੰ ਲਿਖਿਆ ਗਿਆ ਹੈ ਤਾਂ ਜੋ ਜਨਤਾ ਨੂੰ ਇਹ ਮਹਿਸੂਸ ਨਾ ਹੋਏ ਕਿ ਕਿਸਾਨ ਜ਼ਿੱਦ 'ਤੇ ਹਨ, ਅਸੀਂ ਵੀ ਗੱਲਬਾਤ ਲਈ ਤਿਆਰ ਹਾਂ।