ਸੰਗਰੂਰ: ਸੰਗਰੂਰ ਦੇ ਪਿੰਡ ਸੋਹੀਆਂ ਵਿੱਚ ਇੱਕ ਦੁੱਧ ਦੀ ਫੈਕਟਰੀ ਦਾ ਉਸ ਵੇਲੇ ਪਰਦਾਫਾਸ਼ ਹੋਇਆ, ਜਦ ਫੂਡ ਸੇਫਟੀ ਅਧਿਕਾਰੀਆਂ ਤੇ ਪੁਲਿਸ ਨੇ ਫੈਕਟਰੀ 'ਚ ਛਾਪਾ ਮਾਰਿਆ। ਇਸ ਦੌਰਾਨ ਤਿੰਨ ਹਜ਼ਾਰ ਲੀਟਰ ਤੋਂ ਵੀ ਵੱਧ ਦੁੱਧ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਨਕਲੀ ਦੁੱਧ ਤਿਆਰ ਕਰਨ ਲਈ ਇਸਤੇਮਾਲ ਹੋਣ ਵਾਲੇ ਗਲੁਕੋਜ਼ ਦੇ 11 ਥੈਲੇ, 18 ਟੀਨ ਰਿਫਾਇੰਡ ਤੇਲ ਤੇ 175 ਲੀਟਰ ਹੋਰ ਤਰਲ ਵੀ ਬਰਾਮਦ ਹੋਇਆ। ਟੀਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਨਕਲੀ ਦੁੱਧ ਤਿਆਰ ਕਰਕੇ ਅਸਲੀ 'ਚ ਮਿਲਾਇਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਧਰ, ਦੂਸਰੇ ਪਾਸੇ ਦੁੱਧ ਦੀ ਫੈਕਟਰੀ ਚਲਾਉਣ ਵਾਲੇ ਲੋਕਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚੋਂ ਦੁੱਧ ਲਿਆ ਕੇ ਹਰਿਆਣਾ ਤੇ ਦਿੱਲੀ ਸਪਲਾਈ ਕਰਦੇ ਹਨ। ਉਨ੍ਹਾਂ ਮੁਤਾਬਕ ਜੋ ਸਮਾਨ ਇੱਥੋਂ ਬਰਾਮਦ ਹੋਇਆ ਹੈ, ਉਹ ਉਨ੍ਹਾਂ ਦੀ ਇੱਕ ਕਰਿਆਨੇ ਦੀ ਦੁਕਾਨ ਦਾ ਹੈ।

ਗੌਰਤਲਬ ਹੈ ਕਿ ਅਧਿਕਾਰੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਵੀ ਇਸ ਜਗ੍ਹਾ ਤੋਂ ਦੁੱਧ ਦੇ ਸੈਂਪਲ ਦਾ ਟੈਸਟ ਕੀਤਾ ਗਿਆ ਸੀ, ਜਿਸ 'ਚ ਸੈਂਪਲ ਫੇਲ੍ਹ ਹੋ ਗਏ ਸੀ। ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਸੈਂਪਲ ਫੇਲ੍ਹ ਹੋਣ ਦੇ ਬਾਵਜੂਦ ਵੀ ਕਿੰਝ ਨਕਲੀ ਦੁੱਧ ਵੇਚਣ ਦਾ ਇਹ ਧੰਦਾ ਚਲਾਇਆ ਜਾ ਰਿਹਾ ਸੀ।