ਫ਼ਰੀਦਕੋਟ: ਯੂਥ ਕਾਂਗਰਸੀ ਲੀਡਰ ਗੁਰਲਾਲ ਸਿੰਘ ਭੁੱਲਰ ਦਾ ਕਤਲ ਲਾਰੈਂਸ ਬਿਸ਼ਨੋਈ ਗੈਂਗ ਨੇ ਹੀ ਕੀਤਾ ਹੈ। ਦਿੱਲੀ ਪੁਲਿਸ ਵੱਲੋਂ ਐਤਵਾਰ ਨੂੰ ਭੁੱਲਰ ਕਤਲ ਕੇਸ ਵਿੱਚ ਗ੍ਰਿਫਤਾਰ ਤਿੰਨੇ ਮੁਲਜ਼ਮਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿੱਚ ਫੜੇ ਗਏ ਤਿੰਨਾਂ ਨੌਜਵਾਨਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਹੈ।


 


ਦੱਸ ਦਈਏ ਕਿ ਕਿ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ 19 ਫਰਵਰੀ ਨੂੰ ਸ਼ਹਿਰ ਦੇ ਮੁੱਖ ਚੌਕ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਲਾਰੈਂਸ ਬਿਸ਼ਨੋਈ ਨਾਂ ਦੇ ਫੇਸਬੁੱਕ ਪੇਜ਼ ਤੋਂ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਪਰ ਪੁਲਿਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ।


 


ਪੰਜਾਬ ਪੁਲਿਸ ਨੂੰ ਸ਼ੱਕ ਸੀ ਕਿ ਕਤਲ ਮਗਰੋਂ ਮੁਲਜ਼ਮ ਦੂਜੇ ਰਾਜਾਂ ਵਿੱਚ ਫਰਾਰ ਹੋ ਗਏ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਫ਼ਰੀਦਕੋਟ ਪੁਲਿਸ ਨੇ ਦਿੱਲੀ, ਯੂਪੀ ਤੇ ਹਰਿਆਣਾ ਪੁਲਿਸ ਨੂੰ ਹਾਈ ਅਲਰਟ ਕੀਤਾ ਹੋਇਆ ਸੀ। ਪੰਜਾਬ ਪਲਿਸ ਦੇ ਇਨਪੁੱਟ 'ਤੇ ਦਿੱਲ਼ੀ ਪੁਲਿਸ ਨੇ ਗੁਰਲਾਲ ਕਤਲ ਕੇਸ ਵਿੱਚ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਸੌਰਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।