ਚੰਡੀਗੜ੍ਹ: ਯੂਟੀ ਚੰਡੀਗੜ੍ਹ 'ਚ ਕੋਰੋਨਾਵਾਇਰਸ ਦੇ ਕੇਸ 700 ਦੇ ਪਾਰ ਹੋਣ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਟਰਾਈਸਿਟੀ (ਚੰਡੀਗੜ੍ਹ-ਮੁਹਾਲੀ-ਪੰਚਕੁਲਾ) 'ਚ ਸ਼ਨੀਵਾਰ ਤੇ ਐਤਵਾਰ ਨੂੰ ਕਰਫਿਊ ਲਾਉਣ ਦੇ ਪ੍ਰਸਤਾਵ ‘ਤੇ ਵਿਚਾਰ ਕਰਨ।


ਯੂਟੀ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਲਾਹਕਾਰ ਮਨੋਜ ਪਰੀਦਾ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਲਿਖਿਆ ਹੈ, “ਵੀਕਐਂਡ ਦੌਰਾਨ ਟਰਾਈਸਿਟੀ ਵਿੱਚ ਕਰਫਿਊ ਬਾਰੇ ਯੂਟੀ ਦੇ ਪ੍ਰਸਤਾਵ ਨਾਲ ਸਹਿਮਤ ਹੋਣ, ਕਿਉਂਕਿ ਸਿਰਫ ਚੰਡੀਗੜ੍ਹ ਵਿੱਚ ਕਰਫਿਊ ਲਾਗੂ ਨਹੀਂ ਹੋਵੇਗਾ, ਜਦੋਂ ਤੱਕ ਇਹ ਮੁਹਾਲੀ ਤੇ ਪੰਚਕੂਲਾ ਵਿੱਚ ਇੱਕੋ ਸਮੇਂ ਨਹੀਂ ਲਾਇਆ ਜਾਂਦਾ।"




ਪਰੀਦਾ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ, “ਕੋਰੋਨਾ ਸਕਾਰਾਤਮਕ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ, ਯੂਟੀ ਪ੍ਰਸ਼ਾਸਨ ਸ਼ੁੱਕਰਵਾਰ ਸ਼ਾਮ 07:00 ਵਜੇ ਤੋਂ ਸੋਮਵਾਰ ਸਵੇਰ 6 ਵਜੇ ਤੱਕ ਕਰਫਿਊ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕਰਫਿਊ ਤਾਂ ਹੀ ਪ੍ਰਭਾਵੀ ਹੋਵੇਗਾ ਜੇ ਇਸ ਨੂੰ ਪੂਰੀ ਟ੍ਰਾਈਸਿਟੀ ਵਿੱਚ ਲਗਾਇਆ ਜਾਂਦਾ ਹੈ, ਜਿਸ ਵਿੱਚ ਪੰਚਕੁਲਾ ਤੇ ਮੁਹਾਲੀ ਸ਼ਾਮਲ ਹਨ। ਇਸ ਪ੍ਰਸਤਾਵ 'ਤੇ ਤੁਹਾਡੀ ਸਹਿਮਤੀ/ਰਾਏ ਮੰਗੀ ਗਈ ਹੈ।"




ਇਸ ਦੌਰਾਨ ਪੰਜਾਬ ਸਰਕਾਰ ਨੇ ਕਿਹਾ ਕਿ ਉਸ ਨੇ ਅਜੇ ਤੱਕ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ। ਇੱਕ ਅਧਿਕਾਰੀ ਨੇ ਕਿਹਾ ਕਿ ਇਸ ਸੰਬੰਧੀ ਕੋਈ ਵੀ ਅਪਡੇਟ ਜਨਤਾ ਨਾਲ ਸਾਂਝਾ ਕੀਤੀ ਜਾਵੇਗੀ।