ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਬੀਤੇ ਦਿਨ ਕੋਰੋਨਾ ਦੇ ਤਿੰਨ ਲੱਖ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਸੰਖਿਆ 20 ਲੱਖ ਤੋਂ ਜ਼ਿਆਦਾ ਹੋ ਗਈ ਹੈ। ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਤੇ ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਦੇ ਮੱਦੇਨਜ਼ਰ ਕਈ ਸੂਬਿਆਂ ਨੇ ਅੰਸ਼ਕ ਜਾਂ ਪੂਰੀ ਤਰ੍ਹਾਂ ਨਾਲ ਲੌਕਡਾਊਨ ਤੇ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿਹੜੇ ਸੂਬਿਆਂ ਵਿੱਚ ਵੀਕੈਂਡ ਕਰਫਿਊ, ਨਾਈਟ ਕਰਫਿਊ ਤੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।

 

ਦਿੱਲੀ ਵਿੱਚ ਹਫ਼ਤੇ ਦਾ ਲੌਕਡਾਊਨ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 19 ਅਪ੍ਰੈਲ ਰਾਤ 10 ਵਜੇ ਤੋਂ 26 ਅਪ੍ਰੈਲ ਸਵੇਰੇ 5 ਵਜੇ ਤੱਕ 6 ਦਿਨਾਂ ਲਈ ਦਿੱਲੀ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਵਧਦੇ ਕੋਰੋਨਾ ਦੇ ਮਾਮਲਿਆਂ ਦੇ ਚੱਲਦੇ ਇਹ ਫੈਸਲਾ ਲਿਆ ਗਿਆ। ਕੇਜਰੀਵਾਲ ਨੇ ਇਸ ਦੌਰਾਨ ਕਿਹਾ ਕਿ ਦਿੱਲੀ ਵਿੱਚ ਹੈਲਥ ਸਿਸਟਮ ਬਹੁਤ ਜ਼ਿਆਦਾ ਦਬਾਅ ਵਿੱਚ ਹੈ ਤੇ ਜੇਕਰ ਸਖ਼ਤ ਕਦਮ ਨਹੀਂ ਚੁੱਕੇ ਗਏ ਤਾਂ ਇਹ ਸਿਸਟਮ ਢਹਿ-ਢੇਰੀ ਹੋ ਜਾਵੇਗਾ।

 

ਝਾਰਖੰਡ ਵਿੱਚ ਹਫ਼ਤੇ ਦਾ ਲੌਕਡਾਊਨ

ਮੁੱਖ ਮੰਤਰੀ ਹੇਮੰਤ ਸੋਰੇਨ ਨੇ ਝਾਰਖੰਡ ਵਿੱਚ ਹਫ਼ਤੇ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਲੌਕਡਾਊਨ ਦੀ ਮਿਆਦ 22 ਅਪ੍ਰੈਲ ਸਵੇਰੇ ਛੇ ਵਜੇ ਤੋਂ 29 ਅਪ੍ਰੈਲ ਸਵੇਰੇ 6 ਵਜੇ ਤੱਕ ਦੀ ਹੈ। ਹਾਲਾਂਕਿ ਹੇਮੰਤ ਸੋਰੇਨ ਨੇ ਇਸ ਨੂੰ ਲੌਕਡਾਊਨ ਨਾ ਕਹਿ ਕੇ ਸਿਹਤ ਸੁਰੱਖਿਆ ਹਫ਼ਤਾ ਮੰਨਿਆ। ਉਨ੍ਹਾਂ ਨੇ ਕਿਹਾ ਕਿ ਇਹ ਪੂਰਾ ਹਫ਼ਤਾ ਝਾਰਖੰਡ ਵਿੱਚ ਸਿਹਤ ਸੁਰੱਖਿਆ ਹਫ਼ਤੇ ਦੇ ਰੂਪ ਵਿੱਚ ਮਨਾਇਆ ਜਾਵੇਗਾ।

 

ਤੇਲੰਗਾਨਾ ਵਿੱਚ 30 ਅਪ੍ਰੈਲ ਤੱਕ ਨਾਈਟ ਕਰਫਿਊ

ਤੇਲੰਗਾਨਾ ਸਰਕਾਰ ਨੇ ਸੂਬੇ ਵਿੱਚ 30 ਅਪ੍ਰੈਲ ਤੱਕ ਰਾਤ ਨੌ ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ।

 

ਉੱਤਰ ਪ੍ਰਦੇਸ਼ ਵਿੱਚ ਵੀਕੈਂਡ ਲੌਕਡਾਊਨ ਤੇ ਨਾਈਟ ਕਰਫਿਊ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਪੂਰੇ ਸੂਬੇ ਵਿੱਚ ਹਫ਼ਤੇ 'ਚ ਦੋ ਦਿਨ ਯਾਨੀ ਵੀਕੈਂਡ ਲੌਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਸੱਤ ਵਜੇ ਤੱਕ ਯੂਪੀ ਵਿੱਚ ਪੂਰੀ ਤਰ੍ਹਾਂ ਵੀਕੈਂਡ ਲੌਕਡਾਊਨ ਰਹੇਗਾ। ਇਸ ਤੋਂ ਇਲਾਵਾ ਪੂਰੇ ਸੂਬੇ ਵਿੱਚ ਹਰ ਰੋਜ਼ ਨਾਈਟ ਕਰਫਿਊ ਲਾਗੂ ਰਹੇਗਾ।

 

ਮਹਾਰਾਸ਼ਟਰ ਵਿੱਚ ਸਵੇਰੇ 7 ਵਜੇ ਤੋਂ 11 ਵਜੇ ਤੱਕ ਹੀ ਖੁੱਲ੍ਹਣਗੀਆਂ ਦੁਕਾਨਾਂ

ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਪ੍ਰਸਾਰ ਉੱਤੇ ਰੋਕ ਲਾਉਣ ਲਈ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਕਿਹਾ ਕਿ ਪੂਰੇ ਸੂਬੇ ਵਿੱਚ ਕਰਿਆਨੇ, ਸਬਜ਼ੀਆਂ ਦੀਆਂ ਦੁਕਾਨਾਂ, ਡੇਅਰੀਆਂ ਤੇ ਬੇਕਰੀਆਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਹੀ ਖੁੱਲ੍ਹਣਗੀਆਂ। ਇੰਨਾ ਹੀ ਨਹੀਂ ਅੰਡਾ, ਚਿਕਣ, ਮਟਨ ਤੇ ਮੱਛੀ ਵੇਚਣ ਵਾਲੀਆਂ ਦੁਕਾਨਾਂ ਨੂੰ ਵੀ ਕੇਵਲ ਇਸੇ ਦੌਰਾਨ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

 

ਕੇਰਲ ਵਿੱਚ ਨਾਈਟ ਕਰਫਿਊ

ਕੇਰਲ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ 20 ਅਪ੍ਰੈਲ ਤੋਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ।

 

ਪੰਜਾਬ ਵਿੱਚ ਨਾਈਟ ਕਰਫਿਊ

ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਦੇ ਸਮੇਂ ਨੂੰ ਇੱਕ ਘੰਟੇ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਾਈਟ ਕਰਫਿਊ ਦਾ ਸਮਾਂ ਹੁਣ ਰਾਤ 8 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਹੋਵੇਗਾ। ਪਹਿਲਾਂ ਇਹ ਸਮਾਂ ਰਾਤ ਨੌਂ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਸੀ। ਯਾਦ ਰਹੇ ਕਿ ਸੂਬੇ ਵਿੱਚ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ ਤੇ ਖੇਡ ਕੰਪਲੈਕਸਾਂ ਨੂੰ 30 ਅਪ੍ਰੈਲ ਤੱਕ ਬੰਦ ਕਰ ਦਿੱਤਾ ਗਿਆ ਹੈ।

 

ਕਰਨਾਟਕ ਵਿੱਚ ਵੀਕੈਂਡ ਦੇ ਨਾਲ ਨਾਈਟ ਕਰਫਿਊ

ਕਰਨਾਟਕ ਵਿੱਚ ਰਾਤ ਨੌ ਵਜੇ ਤੋਂ ਸਵੇਰੇ ਛੇ ਵਜੇ ਦੇ ਵਿਚਾਲੇ ਨਾਈਟ ਕਰਫਿਊ ਤੇ ਸ਼ੁੱਕਰਵਾਰ ਰਾਤ ਨੌ ਵਜੇ ਤੋਂ ਸੋਮਵਾਰ ਸਵੇਰੇ ਛੇ ਵਜੇ ਤੱਕ ਪੂਰਾ ਕਰਫਿਊ ਲਾਗੂ ਰਹੇਗਾ।

 

ਉੜੀਸਾ ਦੇ ਜ਼ਿਲ੍ਹਿਆਂ ਵਿੱਚ ਵੀਕੈਂਡ ਲੌਕਡਾਊਨ

ਉੜੀਸਾ ਸਰਕਾਰ ਨੇ ਕੋਵਿਡ-19 ਮਹਾਂਮਾਰੀ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਗੁਆਂਢੀ ਸੂਬੇ ਛੱਤੀਸਗੜ੍ਹ ਨਾਲ ਲੱਗਦੇ 10 ਜ਼ਿਲ੍ਹਿਆਂ ਵਿੱਚ ਵੀਕੈਂਡ ਲੌਕਡਾਊਨ ਲਾਗੂ ਕਰ ਦਿੱਤਾ ਹੈ। ਸਾਰੇ ਸ਼ਹਿਰੀ ਇਲਾਕਿਆਂ ਵਿੱਚ ਨਾਈਟ ਕਰਫਿਊ ਵੀ ਲਗਾਇਆ ਗਿਆ ਹੈ।

 

ਚੰਡੀਗੜ੍ਹ ਵਿੱਚ ਲੌਕਡਾਊਨ

ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਰਾਤ ਅੱਠ ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾ ਦਿੱਤਾ ਹੈ। ਇਸ ਦੇ ਇਲਾਵਾ ਇੱਥੇ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਲੌਕਡਾਊਨ ਦੀ ਘੋਸ਼ਣਾ ਕੀਤੀ ਗਈ ਹੈ।

 

ਛੱਤੀਸਗੜ੍ਹ ਵਿੱਚ ਲੌਕਡਾਊਨ

ਛੱਤੀਸਗੜ੍ਹ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 20 ਜ਼ਿਲ੍ਹਿਆਂ ਵਿੱਚ ਲੌਕਡਾਊਨ ਲਗਾਇਆ ਜਾ ਚੁੱਕਿਆ ਹੈ। ਰਾਏਪੁਰ, ਰਾਜਨਾਂਦਗਾਂਵ, ਬੇਮੇਕਰਾ, ਬਾਲੋਦ, ਜਸ਼ਪੁਰ, ਬਲੌਦਾਬਾਜ਼ਾਰ, ਕੋਰੀਆ, ਕੋਰਬਾ, ਧਮਤਰੀ, ਰਾਇਗੜ੍ਹ, ਮਹਾਸਮੁੰਦ, ਗਾਰਿਆਬੰਦ, ਸੂਰਜਪੂਰ, ਜਾਂਜਗੀਰ, ਸਰਗੁਜਾ, ਬਿਲਾਸਪੁਰ, ਮੁੰਗੇਲੀ, ਪੇਂਡਰਾ ਅਤੇ ਬਲਰਾਮਪੁਰ ਜ਼ਿਲ੍ਹੇ ਵਿੱਚ ਲੌਕਡਾਊਨ ਲਗਾਇਆ ਗਿਆ ਹੈ। ਇਹ ਲੌਕਡਾਊਨ 24 ਅਪ੍ਰੈਲ ਤੱਕ ਲਾਗੂ ਰਹੇਗਾ।

 

ਮੱਧ ਪ੍ਰਦੇਸ਼ ਵਿੱਚ ਵੀਕੈਂਡ ਲੌਕਡਾਊਨ

ਮੱਧ ਪ੍ਰਦੇਸ਼ ਦੇ ਸਾਰੇ ਸ਼ਹਿਰੀ ਖੇਤਰਾਂ ਵਿੱਚ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।

 

ਜੰਮੂ ਕਸ਼ਮੀਰ ਵਿੱਚ ਨਾਈਟ ਕਰਫਿਊ

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦੇ ਮੱਦੇਨਜ਼ਰ ਸਾਰੇ ਮਿਊਨਸੀਪਲ ਅਤੇ ਸ਼ਹਿਰੀ ਖੇਤਰਾਂ ਵਿੱਚ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ। ਇਹ ਕਰਫਿਊ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।

 

ਪੁਡੂਚੇਰੀ ਵਿੱਚ 3 ਦਿਨਾਂ ਦਾ ਲੌਕਡਾਊਨ

ਪੁਡੂਚੇਰੀ ਵਿੱਚ ਕੋਰੋਨਾ ਵਾਇਰਸ ਸੰਕਰਮਨ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 23 ਅਪ੍ਰੈਲ ਤੋਂ 26 ਅਪ੍ਰੈਲ ਤੱਕ ਸੰਪੂਰਨ ਲੌਕਡਾਊਨ ਲਗਾਉਣ ਦਾ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਹੈ।