ਬਠਿੰਡਾ: ਬਠਿੰਡਾ ਵਿਖੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਦਵਾਈ ਲੈਣ ਆਏ ਲੋਕਾਂ ਦੀਆਂ ਲੰਬੀਆਂ ਲਾਈਨਾਂ  ਲੱਗੀਆਂ ਦਿਖਾਈ ਦਿੱਤੀਆਂ। ਨਸ਼ਾ ਛੁਡਾਊ ਕੇਂਦਰ ਵਿਖੇ ਅੱਜ ਸੋਸ਼ਲ ਡਿਸਟੇਂਸਿੰਗ ਦੀਆਂ ਧੱਜੀਆਂ ਉਡਦੀਆਂ ਦੇਖੀਆਂ ਗਈਆਂ। ਕੇਂਦਰ ਵਿੱਚ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਬਾਹਰ ਖੜ੍ਹਿਆਂ ਨੂੰ ਬਹੁਤ ਘੰਟੇ ਹੋ ਗਏ ਹਨ, ਪਰ ਅਜੇ ਤੱਕ ਉਨ੍ਹਾਂ ਦੀ ਵਾਰੀ ਤੱਕ ਨਹੀਂ ਆਈ। ਉਨ੍ਹਾਂ ਕਿਹਾ ਕਿ ਉਹ ਦੂਰ-ਦੂਰ ਤੋਂ ਆਉਂਦੇ ਹਨ ਅਤੇ ਖੱਜਲ ਖੁਆਰ ਹੋ ਕੇ ਮੁੜ ਜਾਂਦੇ ਹਨ। 


 


ਉਨ੍ਹਾਂ ਸਰਕਾਰ ਤੋਂ ਮੰਗ ਹੈ ਕਿ ਇਸ ਦਵਾਈ ਨਾਲ ਬਸ ਉਹ ਖ਼ਰਾਬ ਹੁੰਦੇ ਹਨ। ਇਸ ਲਈ ਇੱਥੇ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਤੇ ਪੋਸਤ ਦੀ ਖੇਤੀ ਕੀਤੀ ਜਾਵੇ, ਕਿਉਂਕਿ ਉਸ ਨਾਲ ਤਾਂ ਬੰਦਾ ਨਹੀਂ ਮਰਦਾ ਇਸ ਦਵਾਈ ਨਾਲ ਜ਼ਰੂਰ ਮਰੇਗਾ। ਉਨ੍ਹਾਂ ਕਿਹਾ ਉਹ ਆਪਣੇ ਕਾਰੋਬਾਰ ਛੱਡ ਕੇ ਆਏ ਨੂੰ ਕਈ ਘੰਟੇ ਹੋ ਗਏ। ਉਹ ਦੂਰ ਦੂਰ ਤੋਂ ਆਪਣੀ ਦਿਹਾੜੀ ਮਾਰ ਕੇ ਆਉਂਦੇ ਹਨ। ਪਰ ਇੰਨੀ ਲੰਬੀ ਲਾਈਨ ਲੱਗੀ ਹੈ। ਲੰਬੀ ਲਾਈਨ 'ਚ ਖੜ੍ਹਨ ਦੇ ਬਾਵਜੂਦ ਦਵਾਈ ਵੀ ਥੋੜੀ ਹੀ ਦਿੱਤੀ ਜਾਂਦੀ ਹੈ। 




ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜੇਕਰ ਭੁੱਕੀ ਦੇ ਠੇਕੇ ਖੋਲ੍ਹਦੀ ਹੈ ਤਾਂ ਨੌਜਵਾਨ ਪੀੜ੍ਹੀ ਪੰਜਾਬ ਦੀ ਬਚ ਜਾਵੇਗੀ ਨਹੀਂ ਤਾਂ ਖ਼ਤਮ ਹੋ ਜਾਵੇਗੀ। ਦੂਜੇ ਪਾਸੇ ਜਦ ਇਸ ਮਾਮਲੇ ਬਾਰੇ ਡਾ. ਅਰੁਣ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਛੁੱਟੀ ਕਾਰਨ ਅੱਜ ਇੰਨੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹਨ। ਪਰ ਹਰ ਵਿਅਕਤੀ ਨੂੰ ਦਵਾਈ ਦੇ ਕੇ ਹੀ ਵਾਪਿਸ ਭੇਜਿਆ ਜਾਵੇਗਾ।