ਮੁਕਤਸਰ: ਪੂਰੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ ਤੇ ਉਧਰ ਹੀ ਲੌਕਡਾਊਣ ਦਾ ਦੂਸਰਾ ਪਹਿਰ ਚੱਲ ਰਿਹਾ। ਇਸ ਦਾ ਮਕਸਦ ਲੋਕਾਂ ‘ਚ ਸੋਸ਼ਲ ਡਿਸਟੈਂਸਿੰਗ ਰੱਖਣ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੋਜ਼ਾਨਾ ਸਖਤੀ ਦੇ ਹੁਕਮ ਦੇ ਰਹੇ ਹਨ ਪਰ ਪੰਜਾਬ ਵਿੱਚ ਇਨ੍ਹਾਂ ਦਾ ਕੋਈ ਅਸਰ ਨਹੀਂ ਵਿਖਾਈ ਦਿੰਦਾ। ਸਾਹਮਣੇ ਆ ਰਹੀਆਂ ਤਸਵੀਰਾਂ ਵੇਖ ਲੱਗਦਾ ਹੈ ਕਿ ਪੰਜਾਬ ਵਿੱਚ ਕਰਫਿਊ ਲੱਗਾ ਹੀ ਨਹੀਂ।



ਤਾਜ਼ਾ ਤਸਵੀਰਾਂ ਸੂਬੇ ਦੇ ਮੁਕਤਸਰ ਤੋਂ ਆਈਆਂ ਹਨ। ਇੱਥੇ ਪ੍ਰਸਾਸ਼ਨ ਦੇ ਨਿਯਮਾਂ ਦੀ ਉਲੰਘਣਾ ਸ਼ਰੇਆਮ ਕੀਤੀ ਜਾ ਰਹੀ ਹੈ। ਮੁਕਤਸਰ ਸਬਜ਼ੀ ਮੰਡੀ ‘ਚ ਸੋਸ਼ਲ ਡਿਸਟੈਂਸਿੰਗ ਬਿਲਕੁਲ ਵੀ ਨਜ਼ਰ ਨਹੀਂ ਆਈ। ਇੱਥੇ ਸਰਕਾਰ ਦੇ ਹੁਕਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਿੱਥੇ ਸੋਸ਼ਲ ਡਿਸਟੈਂਸਿੰਗ ਲਈ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਸ ਦਾ ਸਖ਼ਤੀ ਨਾਲ ਪਾਲਨ ਕਰਵਾਇਆ ਜਾਵੇ ਪਰ ਮੁਕਤਸਰ ‘ਚ ਕੁਝ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ।

ਬੇਸ਼ੱਕ ਸਬਜ਼ੀ ਮੰਡੀ ‘ਚ ਭੀੜ ਪਹਿਲਾਂ ਤੋਂ ਘੱਟ ਵੇਖਣ ਨੂੰ ਮਿਲਦੀ ਹੈ। ਇਸ ਦੇ ਨਾਲ ਹੀ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਵੱਲੋਂ ਮੰਡੀ ਦੇ ਅੰਦਰ ਆਉਣ ਵਾਲੇ ਲੋਕਾਂ, ਜਿਨ੍ਹਾਂ ਨੇ ਮਾਸਕ ਨਹੀਂ ਲਾਏ ਗਏ, ਉਨ੍ਹਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਮੰਡੀ ‘ਚ ਰੇਹੜੀਆਂ ਵੀ ਬਹੁਤ ਘੱਟ ਨਜ਼ਰ ਆ ਰਹੀਆਂ ਹਨ, ਬਗੈਰ ਮਾਸਕ ਵਾਲਿਆਂ ਨੂੰ ਮੰਡੀ ‘ਚ ਐਂਟਰੀ ਨਹੀਂ ਦਿੱਤੀ ਜਾ ਰਹੀ।



ਇਸ ਦੇ ਨਾਲ ਦੂਜੇ ਪਾਸੇ ਕੁਝ ਰੇਹੜੀ ਵਾਲਿਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਵੇਰੇ ਚਾਰੇ ਵਜੇ ਤੋਂ ਪਹਿਲਾਂ ਰੇਹੜੀਆਂ ਮੰਡੀ ਦੇ ਅੰਦਰ ਪਹੁੰਚ ਗਈਆਂ ਕੇਵਲ ਉਹੀ ਆਪਣਾ ਸਾਮਾਨ ਲੱਦ ਕੇ ਬਾਹਰ ਆਉਂਦਿਆਂ ਹਨ, ਪਰ ਕੁਝ ਆਪਣੀਆਂ ਰੇਹੜੀਆਂ ਮੰਡੀ ਤੋਂ ਬਾਹਰ 200-300 ਮੀਟਰ ਦੀ ਦੂਰੀ ਲਾਉਂਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਸਾਰਿਆਂ ਲਈ ਇੱਕ ਹੈ ਤਾਂ ਸਾਨੂੰ ਵੀ ਰੇਹੜੀਆਂ ਮੰਡੀ ਦੇ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਨਹੀਂ ਤਾਂ ਇਨ੍ਹਾਂ ਨੂੰ ਵੀ ਅੱਗੇ ਤੋਂ ਬਾਹਰ ਹੀ ਰੱਖਿਆ ਜਾਵੇ।

ਸੋਸ਼ਲ ਡਿਸਟੈਨਸਿੰਗ ਬਾਰੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੂਰੇ ਤੇ ਪੁਖ਼ਤਾ ਪ੍ਰਬੰਧ ਕੀਤੇ ਗਏ। ਮੰਡੀ ਵਿੱਚ ਕਿਸੇ ਨੂੰ ਵੀ ਬਗੈਰ ਮਾਸਕ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ।