ਕੋਰੋਨਾ ਵਾਇਰਸ ਤੋਂ ਅੱਕੇ ਡਰਾਈਵਰ ਨੇ ਲਾਇਆ ਫਾਹਾ
ਏਬੀਪੀ ਸਾਂਝਾ | 22 May 2020 10:58 AM (IST)
ਅਮਨਦੀਪ ਦੀ ਮਾਂ ਨੇ ਦੱਸਿਆ ਕਿ ਉਸ ਨੇ ਸਰਕਾਰ ਵੱਲੋਂ ਵੰਡੇ ਜਾਣ ਵਾਲੇ ਰਾਸ਼ਨ ਲਈ ਵੀ ਕਈ ਵਾਰ ਅਪਲਾਈ ਕੀਤਾ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਤੇ ਉਸ ਨੂੰ ਹਰ ਸਮੇਂ ਬੱਚਿਆਂ ਤੇ ਘਰ ਦਾ ਖ਼ਰਚ ਤੇ ਕਰਜ਼ੇ ਦੀ ਚਿੰਤਾ ਰਹਿੰਦੀ ਸੀ।
ਲੁਧਿਆਣਾ: ਇੱਥੋਂ ਦੀ ਗਿੱਲ ਕਾਲੋਨੀ ਵਿੱਚ ਰਹਿੰਦੇ ਡਰਾਈਵਰ ਵੱਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਵਜੋਂ ਹੋਈ ਹੈ। ਉਹ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਨੂੰ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਰੇਖਾ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰੀ ਕਰਦਾ ਸੀ ਪਰ ਪਿਛਲੇ ਦੋ ਮਹੀਨੀਆਂ ਤੋਂ ਕੰਮਕਾਜ ਬੰਦ ਰਹਿਣ ਕਾਰਨ ਉਹ ਬੇਹੱਦ ਪ੍ਰੇਸ਼ਾਨ ਰਹਿੰਦਾ ਸੀ। ਉਹ ਬੀਤੀ ਰਾਤ ਆਪਣੇ ਪੇਕੇ ਗਈ ਹੋਈ ਸੀ ਤਾਂ ਉਸ ਦੇ ਪਤੀ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਅਮਨਦੀਪ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਲੀ ਹਾਲਤ ਕਾਫੀ ਖਰਾਬ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅਮਨਦੀਪ ਨੇ ਸਰਕਾਰ ਵੱਲੋਂ ਵੰਡੇ ਜਾਣ ਵਾਲੇ ਰਾਸ਼ਨ ਲਈ ਵੀ ਕਈ ਵਾਰ ਅਪਲਾਈ ਕੀਤਾ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਤੇ ਉਸ ਨੂੰ ਹਰ ਸਮੇਂ ਬੱਚਿਆਂ ਤੇ ਘਰ ਦਾ ਖ਼ਰਚ ਤੇ ਕਰਜ਼ੇ ਦੀ ਚਿੰਤਾ ਰਹਿੰਦੀ ਸੀ। ਥਾਣਾ ਡਾਬਾ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।