ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੁਲਾਏ ਗਏ ‘ਭਾਰਤ ਬੰਦ’ ਦਾ ਜਿਥੇ 10 ਟ੍ਰੇਡ ਯੂਨੀਅਨਾਂ ਨੇ ਸਮਰਥਨ ਕੀਤਾ ਹੈ, ਉੱਥੇ ਹੀ ਖੱਬੇਪੱਖ ਤੇ ਆਰਜੇਡੀ ਸਮੇਤ ਕਈ ਰਾਜਨੀਤਕ ਪਾਰਟੀਆਂ ਸਾਹਮਣੇ ਆਈਆਂ ਹਨ।

ਤੇਲੰਗਾਨਾ ਦੀ ਸੱਤਾਧਾਰੀ ਪਾਰਟੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ ਵੀ ਖੁੱਲ੍ਹ ਕੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕੀਤਾ। ਟੀਆਰਐਸ ਨੇ ਐਲਾਨ ਕੀਤਾ ਹੈ ਕਿ ਟੀਆਰਐਸ ਪਾਰਟੀ 8 ਦਸੰਬਰ ਨੂੰ ਭਾਰਤ ਬੰਦ ਦਾ ਪੂਰਾ ਸਮਰਥਨ ਕਰੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇਕੇ ਚੰਦਰਸ਼ੇਕਰ ਰਾਓ ਨੇ ਕਿਹਾ ਕਿ ਟੀਆਰਐਸ ਪਾਰਟੀ ਦੇ ਵਰਕਰ ਇਸ ਭਾਰਤ ਬੰਦ ਵਿੱਚ ਖੁੱਲ੍ਹ ਕੇ ਹਿੱਸਾ ਲੈਣਗੇ।

ਟੀਆਰਐਸ ਨੇ ਟਵੀਟ ਕੀਤਾ, "ਕੇਸੀਆਰ ਦਾ ਮੰਨਣਾ ਹੈ ਕਿ ਜਦੋਂ ਤੱਕ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਟੀਆਰਐਸ ਪਾਰਟੀ ਭਾਰਤ ਬੰਦ ਦੀ ਸਫਲਤਾ ਲਈ ਕੰਮ ਕਰੇਗੀ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਨੂੰ ਸਫਲ ਬਣਾਉਣ ਤੇ ਕਿਸਾਨਾਂ ਲਈ ਖੜ੍ਹੇ ਹੋਣ।”



ਕਿਸਾਨ ਅੰਦੋਲਨ ਨੂੰ ਹੁਲਾਰਾ, ਦੇਸ਼ ਦੀਆਂ ਕਈ ਸਿਆਸੀ ਪਾਰਟੀਆਂ ਨੇ ਕੀਤਾ ਵੱਡਾ ਐਲਾਨ

ਭਾਰਤ ਬੰਦ ਨੂੰ ਰਾਸ਼ਟਰੀ ਜਨਤਾ ਦਲ, ਤ੍ਰਿਣਮੂਲ ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਨਾਲ ਨਾਲ 10 ਕੇਂਦਰੀ ਟ੍ਰੇਡ ਯੂਨੀਅਨਾਂ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਸਾਰਿਆਂ ਨੇ ਕਿਸਾਨਾਂ ਵੱਲੋਂ ਬੁਲਾਏ ਗਏ ਦੇਸ਼ ਵਿਆਪੀ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਸ਼ਨੀਵਾਰ ਨੂੰ ਕਿਹਾ, "ਸਰਕਾਰ ਖਰੜਾ ਤਿਆਰ ਕਰੇਗੀ ਤੇ ਸਾਨੂੰ ਦੇਵੇਗੀ।" ਉਨ੍ਹਾਂ ਨੇ ਕਿਹਾ ਕਿ ਉਹ ਰਾਜਾਂ ਨਾਲ ਵੀ ਸਲਾਹ ਲੈਣਗੇ। ਐਮਐਸਪੀ ਤੇ ਵਿਚਾਰ ਵਟਾਂਦਰਾ ਹੋਇਆ ਪਰ ਅਸੀਂ ਕਿਹਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਤੇ ਵਾਪਸ ਲੈਣ ਦੀ ਗੱਲ ਕਰਨੀ ਚਾਹੀਦੀ ਹੈ। ਭਾਰਤ ਬੰਦ ਐਲਾਨ ਦੇ ਅਨੁਸਾਰ ਹੋਵੇਗਾ।”