ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਨਾਰਾਜ਼ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੋਈ ਮੀਟਿੰਗ ਤੋਂ ਕਾਫੀ ਖੁਸ਼ ਹਨ। ਅੱਜ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿੱਧੂ ਛੇਤੀ ਹੀ ਸਰਕਾਰ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਿਚਲਾ ਹਰ ਕੋਈ ਚਾਹੁੰਦਾ ਹੈ ਕਿ ਸਿੱਧੂ ਸਰਕਾਰ ਦਾ ਹਿੱਸਾ ਬਣੇ। ਕੈਪਟਨ ਨੇ ਕਿਹਾ,‘ ਸਾਡੀ ਦੋਵਾਂ ਦੀ ਬੁੱਧਵਾਰ ਨੂੰ ਬੜੀ ਵਧੀਆ ਮੀਟਿੰਗ ਰਹੀ ਤੇ ਸਿੱਧੂ ਨੇ ਸਰਕਾਰ ਵਿੱਚ ਸ਼ਾਮਲ ਹੋਣ ਲਈ ਫ਼ੈਸਲਾ ਕਰਨ ਵਾਸਤੇ ਸਮਾਂ ਮੰਗਿਆ।’
ਦੱਸ ਦਈਏ ਕਿ ਪਿਛਲੇ ਸਮੇਂ ਵਿੱਚ ਕੈਪਟਨ ਤੇ ਸਿੱਧੂ ਵਿਚਾਲੇ ਪਾੜਾ ਕਾਫੀ ਵਧ ਗਿਆ ਸੀ। ਕੈਪਟਨ ਸਿੱਧੂ ਬਾਰੇ ਕੋਈ ਸਿੱਧਾ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਦੇ ਸੀ। ਅੱਜ ਪਹਿਲੀ ਵਾਰ ਕੈਪਟਨ ਨੇ ਬੜੇ ਭਰੋਸੇ ਨਾਲ ਦਾਅਵਾ ਕੀਤਾ ਕਿ ਸਿੱਧੂ ਜਲਦ ਹੀ ਸਰਕਾਰ ਵਿੱਚ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਦੀ ਦਖਲ ਮਗਰੋਂ ਦੋਵੇਂ ਲੀਡਰ ਨਾਰਾਜ਼ਗੀ ਛੱਡਣ ਲਈ ਤਿਆਰ ਹੋਏ ਹਨ।
ਉਧਰ, ਕਾਂਗਰਸ ਪਾਰਟੀ ਦੇ ਸੂਤਰਾਂ ਅਨੁਸਾਰ ਅਗਲੇ ਹਫ਼ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਵਜ਼ਾਰਤ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਤਦ ਨਵਜੋਤ ਸਿੱਧੂ ਦੀ ਵਾਪਸੀ ਹੋ ਸਕਦੀ ਹੈ। ਹਾਲੇ ਉਨ੍ਹਾਂ ਦੀ ਵਾਪਸੀ ਦਾ ਐਲਾਨ ਜਾਣਬੁੱਝ ਕੇ ਨਹੀਂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ’ਤੇ ਨਵਜੋਤ ਸਿੰਘ ਸਿੱਧੂ ਦੀ ਇਹ ਵਾਪਸੀ ਅਗਲੇ ਵਰ੍ਹੇ 2022 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਆਪਣੇ ਸਾਰੇ ਅੰਦਰੂਨੀ ਮਤਭੇਦ ਦੂਰ ਕਰ ਲੈਣਾ ਚਾਹੁੰਦੀ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਾਲੇ ਹੋਈ ਮੀਟਿੰਗ ਮਗਰੋਂ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਕਰੀਬ ਅੱਧਾ ਘੰਟਾ ਚੱਲੀ ਮੁਲਾਕਾਤ ’ਚ ਹੋਈ ਗੱਲਬਾਤ ਬਾਰੇ ਕੋਈ ਵੀ ਸੂਹ ਨਹੀਂ ਨਿਕਲੀ ਹੈ। ਇਸ ਮਿਲਣੀ ਮਗਰੋਂ ਨਵਜੋਤ ਸਿੱਧੂ ਮੀਡੀਆ ਨਾਲ ਬਿਨਾਂ ਕੋਈ ਗੱਲ ਕੀਤਿਆਂ ਵਾਪਸ ਚਲੇ ਗਏ।
https://play.google.com/store/
https://apps.apple.com/in/app/