ਕੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੇਗਾਸਸ ਜਾਸੂਸੀ ਮਾਮਲੇ ਵਿੱਚ ਜਾਂਚ ਕਮਿਸ਼ਨ ਕਾਇਮ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਜਾਂਚ ਕਮਿਸ਼ਨ ਵਿੱਚ ਦੋ ਸੇਵਾ ਮੁਕਤ ਜੱਜ ਸ਼ਾਮਲ ਹਨ, ਜੋ ਪੱਛਮੀ ਬੰਗਾਲ ਵਿੱਚ ਫੋਨ ਹੈਕਿੰਗ, ਟਰੈਕਿੰਗ ਤੇ ਫੋਨ ਰਿਕਾਰਡਿੰਗ ਦੇ ਦੋਸ਼ਾਂ ਦੀ ਪੜਤਾਲ ਕਰਨਗੇ। ਮਮਤਾ ਨੇ ਇਹ ਫੈਸਲਾ ਦਿੱਲੀ ਜਾਣ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਲਿਆ ਹੈ। ਮਮਤਾ ਨੇ ਕਿਹਾ, 'ਅਸੀਂ ਚਾਹੁੰਦੇ ਸੀ ਕਿ ਪੇਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਇਕ ਕੇਂਦਰੀ ਕਮਿਸ਼ਨ ਬਣਾਇਆ ਜਾਵੇ, ਪਰ ਕੇਂਦਰ ਸਰਕਾਰ ਕੁਝ ਨਹੀਂ ਕਰ ਰਹੀ।'
ਮਮਤਾ ਅਨੁਸਾਰ ਉਸ ਨੇ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਤੋਂ ਪੈਗਾਸਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ ਪਰ ਕੇਂਦਰ ਸਰਕਾਰ ਇਸ ਮੁੱਦੇ 'ਤੇ ਝਿਜਕ ਰਹੀ ਹੈ। ਇਹੀ ਕਾਰਨ ਹੈ ਕਿ ਪੱਛਮੀ ਬੰਗਾਲ ਵਿਚ ਜਾਸੂਸੀ ਬਾਰੇ ਕਮਿਸ਼ਨ ਕਾਇਮ ਕੀਤਾ ਗਿਆ ਹੈ ਅਤੇ ਅਜਿਹਾ ਕਰਨ ਵਾਲਾ ਪੱਛਮੀ ਬੰਗਾਲ ਪਹਿਲਾ ਰਾਜ ਹੈ। ਸੇਵਾ ਮੁਕਤ ਜਸਟਿਸ ਐਮਬੀ ਲੋਕੁਰ ਤੇ ਜਿਓਤਿਰਮੋਏ ਭੱਟਾਚਾਰੀਆ ਇਸ ਪੈਗਾਸਸ ਰਿਪੋਰਟ ਦੀ ਪੜਤਾਲ ਕਰਨ ਵਾਲੇ ਕਮਿਸ਼ਨ ਦਾ ਹਿੱਸਾ ਹੋਣਗੇ।
ਮਮਤਾ ਬੈਨਰਜੀ ਦਿੱਲੀ ਰਵਾਨਾ ਹੋ ਰਹੇ ਹਨ। ਉਹ 28 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਅੱਜ ਵਿਸ਼ੇਸ਼ ਕੈਬਨਿਟ ਮੀਟਿੰਗ ਸੱਦੀ ਹੈ। ਮਮਤਾ ਸ਼ਾਮ 5 ਵਜੇ ਤੱਕ ਦਿੱਲੀ ਪੁੱਜਣਗੇ। 29 ਜੁਲਾਈ ਤੱਕ ਉਥੇ ਰਹਿਣਗੇ। ਉਹ ਆਪਣੀ ਯਾਤਰਾ ਦੌਰਾਨ ਕਈ ਵਿਰੋਧੀ ਨੇਤਾਵਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਵਾਰ ਸੂਬੇ ’ਚ ਬਹੁਤ ਸਖ਼ਤ ਚੋਣ ਮੁਕਾਬਲਾ ਸੀ ਤੇ ਉਸ ਵਿੱਚ ਮਮਤਾ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਜੇਤੂ ਰਹੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/