ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ ਵਿਲੱਖਣ ਵਿਰੋਧ ਦਰਜ ਕੀਤਾ। ਉਹ ਇਲੈਕਟ੍ਰਿਕ ਸਕੂਟਰ 'ਤੇ ਰਾਜ ਸਕੱਤਰੇਤ 'ਨਬਾਨ' ਪਹੁੰਚੀ। ਇਸ ਸਕੂਟਰ ਨੂੰ ਰਾਜ ਸਰਕਾਰ ਦੇ ਮੰਤਰੀ ਅਤੇ ਕੋਲਕਾਤਾ ਦੇ ਮੇਅਰ ਫਰਹਦ ਹਕੀਮ ਨੇ ਚਲਾਇਆ ਸੀ। ਹਾਲਾਂਕਿ, ਜਦੋਂ ਮੁੱਖ ਮੰਤਰੀ ਮਮਤਾ ਨੇ ਖ਼ੁਦ ਸਕੂਟਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗਦੇ-ਡਿੱਗਦੇ ਬਚੇ ਹਨ।
ਸਕੂਟਰ 'ਤੇ ਸਵਾਰ ਮਮਤਾ ਬੈਨਰਜੀ ਨੇ ਗਲੇ 'ਚ ਤਖ਼ਤੀ ਟੰਗ ਰੱਖੀ ਸੀ, ਜਿਸ 'ਤੇ ਫਿਊਲ ਦੀਆਂ ਕੀਮਤਾਂ 'ਚ ਵਾਧੇ ਖਿਲਾਫ ਨਾਅਰੇ ਲਿਖੇ ਹੋਏ ਸੀ। ਉਨ੍ਹਾਂ ਹੈਲਮੇਟ ਪਾਇਆ ਹੋਇਆ ਸੀ ਅਤੇ ਹਾਜਰਾ ਮੋੜ ਤੋਂ ਸੱਤ ਕਿਲੋਮੀਟਰ ਰਾਜ ਸਕੱਤਰੇਤ ਤੱਕ ਸਕੂਟਰ 'ਤੇ ਗਏ।
45 ਮਿੰਟ ਦੀ ਯਾਤਰਾ ਤੋਂ ਬਾਅਦ ‘ਨਬਾਨ’ ਪਹੁੰਚੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ, ‘‘ਅਸੀਂ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕਰ ਰਹੇ ਹਾਂ। ਮੋਦੀ ਸਰਕਾਰ ਸਿਰਫ ਝੂਠੇ ਵਾਅਦੇ ਕਰਦੀ ਹੈ। ਉਸ ਨੇ (ਕੇਂਦਰ) ਨੇ ਬਾਲਣ ਦੀ ਕੀਮਤ ਨੂੰ ਘਟਾਉਣ ਲਈ ਕੁਝ ਨਹੀਂ ਕੀਤਾ। ਤੁਸੀਂ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੇ ਹੁਣ ਦੀਆਂ ਪੈਟਰੋਲ ਦੀਆਂ ਕੀਮਤਾਂ 'ਚ ਅੰਤਰ ਦੇਖ ਸਕਦੇ ਹੋ।”