ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਖਿਲਾਫ ਦਾਇਰ ਮਾਣਹਾਨੀ ਕੇਸ 'ਚ ਅੱਜ ਦੋਵੇਂ ਲੀਡਰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਏ। ਲੁਧਿਆਣਾ ਦੀ ਕੋਰਟ 'ਚ ਅੱਜ ਸੁਣਵਾਈ ਸੀ ਪਰ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਯਾਨੀ ਸੰਜੇ ਸਿੰਘ ਦੇ ਵਕੀਲ ਨੇ ਬਹਿਸ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਜ਼ਾਹਿਰ ਹੈ ਕਿ ਉਹ ਹੁਣ ਖੁਦ ਕੇਸ ਤੋਂ ਭੱਜਣਾ ਚਾਹੁੰਦੇ ਹਨ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਤੋਂ ਮੁਆਫ਼ੀ ਮੰਗਵਾ ਚੁੱਕੇ ਹਨ ਤੇ ਹੁਣ ਸੰਜੇ ਸਿੰਘ ਨੂੰ ਉਹ ਘੇਰਨਗੇ।


 


ਦੂਸਰੇ ਪਾਸੇ ਸੰਜੇ ਸਿੰਘ ਨੇ ਕਿਹਾ ਕਿ ਇਹ ਫੈਸਲਾ ਅਦਾਲਤ ਨੇ ਕਰਨਾ ਹੈ। ਮਜੀਠੀਆ ਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਲਗਾਤਾਰ ਸੰਜੇ ਸਿੰਘ ਵੱਲੋਂ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਉਨ੍ਹਾਂ ਸਾਫ਼ ਕਿਹਾ ਕਿ ਸੰਜੇ ਸਿੰਘ ਨੂੰ ਹੁਣ ਆਪਣੀ ਹਾਰ ਵਿਖਾਈ ਦੇਣ ਲੱਗੀ ਹੈ। ਇਸ ਕਰਕੇ ਉਹ ਇਸ ਮਾਮਲੇ ਤੋਂ ਭੱਜ ਰਿਹਾ ਹੈ। ਮਜੀਠੀਆ ਨੇ ਤਨਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਜੇ ਸਿੰਘ ਆਖਰ ਹੈ ਕੌਣ? ਉਨ੍ਹਾਂ ਆਪਣੀ ਜਿੱਤ ਯਕੀਨੀ ਦੱਸਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ।


 


ਉੱਧਰ ਮਜੀਠੀਆ ਦੇ ਵਕੀਲ ਨੇ ਵੀ ਕਿਹਾ ਕਿ ਕੋਰਟ ਦੇ ਅੱਗੇ ਅੱਜ ਸੰਜੇ ਸਿੰਘ ਤੇ ਉਨ੍ਹਾਂ ਦੇ ਵਕੀਲ ਬੇਵੱਸ ਸੀ ਤੇ ਮਾਮਲੇ ਨੂੰ ਟਾਲ-ਮਟੋਲ ਕੇ ਅੱਗੇ ਵਧਾਉਣਾ ਚਾਹੁੰਦੇ ਸੀ, ਪਰ ਅਦਾਲਤ ਵੱਲੋਂ ਸਮਾਂ ਤੈਅ ਕਰ ਦਿੱਤਾ ਗਿਆ ਹੈ। ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੇ ਅਦਾਲਤ ਦੇ ਮਾਮਲੇ 'ਤੇ ਬਹੁਤਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਵਕੀਲ ਨੇ ਜ਼ਰੂਰ ਕਿਹਾ ਕਿ ਅਸੀਂ ਡਾਕੂਮੈਂਟ ਪੇਸ਼ ਕਰ ਰਹੇ ਹਾਂ ਤੇ ਬਹਿਸ ਲਈ ਅਸੀਂ ਅਦਾਲਤ ਵਿੱਚ ਕੋਈ ਮਨ੍ਹਾਂ ਨਹੀਂ ਕੀਤਾ।


 


ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੋਵੇਗੀ। ਜਦਕਿ ਸੰਜੇ ਸਿੰਘ ਨੇ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ 'ਤੇ ਆਪਣੀ ਟਿੱਪਣੀ ਜ਼ਾਹਿਰ ਕਰਦਿਆਂ ਕਿਹਾ ਕਿ ਮਜੀਠੀਆ ਇਹ ਫ਼ੈਸਲਾ ਨਹੀਂ ਕਰਨਗੇ, ਇਹ ਫ਼ੈਸਲਾ ਅਦਾਲਤ ਦਾ ਹੈ। ਇਸ ਮਾਮਲੇ ਦੇ ਵਿੱਚ ਹੁਣ ਅਗਲੀ ਤਰੀਕ ਚਾਰ ਮਾਰਚ ਦੀ ਦਿੱਤੀ ਗਈ ਹੈ।