ਅੱਠ ਸਾਲਾਂ ਦਾ ਇੱਕ ਕੁੱਤਾ ‘ਲੁਲੂ’ ਕਰੋੜਾਂ ਦਾ ਮਾਲਕ ਬਣ ਗਿਆ ਹੈ। ਉਸ ਦਾ ਮਾਲਕ ਮਰਦੇ ਸਮੇਂ ਉਸ ਦੇ ਨਾਂ ਆਪਣੀ ਸਾਰੀ 36.29 ਕਰੋੜ ਰੁਪਏ ਦੀ ਜਾਇਦਾਦ ਕਰ ਗਿਆ ਹੈ। ਹੁਣ ਜਿੱਥੇ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਉੱਥੇ ਬਹੁਤ ਸਾਰੇ ਲੋਕਾਂ ਨੂੰ ਉਸ ਕੁੱਤੇ ਤੋਂ ਹੀ ਈਰਖਾ ਹੋਣ ਲੱਗੀ ਹੈ।
ਲੋਕ ਇਹ ਸੁਆਲ ਕਰ ਰਹੇ ਹਨ ਕਿ ਆਖ਼ਰ ਅਮਰੀਕੀ ਸੂਬੇ ਟੇਨੈਸੀ ਦੇ ਸ਼ਹਿਰ ਨੈਸ਼ਵਿਲੇ ਦਾ ਇਹ ਕੁੱਤਾ ਇੰਨੀ ਦੌਲਤ ਖ਼ਰਚ ਕਿਵੇਂ ਕਰੇਗਾ। ਇਸ ਦਾ ਜਵਾਬ ਕੁੱਤੇ ਦੇ ਨਿਗਰਾਨ ਕੋਲ ਵੀ ਨਹੀਂ ਹੈ।
ਲੁਲੂ ਨਾਂ ਦਾ ਇਹ ਕੁੱਤਾ ਬਾਰਡਰ ਕੋਲੀ ਨਸਲ ਦਾ ਹੈ ਤੇ ਉਸ ਦਾ ਮਾਲਕ ਬਿਲ ਡੌਰਿਸ ਉਸ ਦੇ ਨਾਂਅ ਆਪਣੀ ਜਾਇਦਾਦ ਛੱਡ ਗਿਆ ਹੈ। ਕਾਰੋਬਾਰੀ ਬਿਲ ਡੌਰਿਸ ਨੇ ਵਿਆਹ ਨਹੀਂ ਕਰਵਾਇਆ ਸੀ ਤੇ ਉਹ ਆਪਣੇ ਕੁੱਤੇ ਦੀ ਵਫ਼ਾਦਾਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ।
ਬਿਲ ਡੌਰਿਸ ਨੇ ਇੱਕ ਟ੍ਰੱਸਟ ਬਣਾਇਆ, ਤਾਂ ਜੋ ਲੁਲੂ ਦੀ ਦੇਖਭਾਲ ਲਗਾਤਾਰ ਹੁੰਦੀ ਰਹੇ। ਲੁਲੂ ਦੀ ਨਿਗਰਾਨ ਮਾਰਥਾ ਬਰਟਨ ਨਾਂਅ ਦੀ ਇੱਕ ਮਹਿਲਾ ਹੈ। ਟ੍ਰੱਸਟ ਹੁਣ ਉਨ੍ਹਾਂ ਨੂੰ ਤਨਖ਼ਾਹ ਦੇ ਰਿਹਾ ਹੈ। ਲੁਲੂ ਹੁਣ ਆਜ਼ਾਦ ਹੋ ਕੇ ਘੁੰਮਦਾ ਹੈ ਤੇ ਮੌਜਾਂ ਕਰਦਾ ਹੈ।