ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੋਰੋਨਾ ਵਾਇਰਸ ਮਹਮਾਰੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਈਆਂ ਕੁਝ ਵੀਜ਼ਾ ਰੋਕਾਂ ਹੁਣ ਹਟਾ ਦਿੱਤੀਆਂ ਹਨ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਬਾਇਡੇਨ ਨੇ ਕਿਹਾ ਕਿ ਇਹ ਫ਼ੈਸਲਾ ਅਮਰੀਕਾ ਦੇ ਹਿੱਤ ਵਿੱਚ ਨਹੀਂ ਸੀ, ਸਗੋਂ ਇਹ ਅਮਰੀਕਾ ਦੇ ਨਿਵਾਸੀਆਂ ਲਈ ਔਕੜਾਂ ਪੈਦਾ ਕਰਨ ਵਾਲਾ ਹੁਕਮ ਸੀ। ‘ਇਸ ਨੇ ਅਮਰੀਕਾ ਦੇ ਨਾਗਰਿਕਾਂ ਤੇ ਜਾਇਜ਼ ਸਥਾਨਕ ਨਿਵਾਸੀਆਂ ਨੂੰ ਵੀ ਆਪਣੇ ਪਰਿਵਾਰਾਂ ਨਾਲ ਮਿਲਣ ਤੋਂ ਰੋਕਿਆ ਤੇ ਅਮਰੀਕੀ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ।’


ਦੱਸ ਦੇਈਏ ਕਿ ਟ੍ਰੰਪ ਨੇ ਜੂਨ 2020 ਵਿੱਚ ਇਹ ਆਖਦਿਆਂ ਵੀਜ਼ਾ ਰੋਕਾਂ ਲਾਈਆਂ ਸਨ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਭਾਰੀ ਬੇਰੋਜ਼ਗਾਰੀ ਦੌਰਾਨ ਅਮਰੀਕੀ ਕਰਮਚਾਰੀਆਂ ਦੇ ਹਿਤਾਂ ਨੂੰ ਬਚਾਉਣਾ ਜ਼ਰੂਰੀ ਹੈ। ਇਨ੍ਹਾਂ ਰੋਕਾਂ ਅਧੀਨ ਅਮਰੀਕੀ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਅਧੀਨ ਗ਼ੈਰ ਪ੍ਰਵਾਸੀ ਕਾਰਜ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।


ਸੂਚੀ ਵਿੱਚ ਉੱਚ ਤਕਨੀਕ ਵਾਲੇ ਉਦਯੋਗਾਂ ’ਚ ਕੰਮ ਲਈ ਐੱਚ 1 ਵੀਜ਼ਾ ਤੇ ਘੱਟ ਹੁਨਰ ਵਾਲੇ ਕਾਮਿਆਂ, ਸਿਖਾਂਦਰੂਆਂ, ਅਧਿਆਪਕਾਂ ਤੇ ਕੰਪਨੀਆਂ ਦੇ ਤਬਾਦਲਿਆਂ ਸਬੰਧੀ ਵੀਜ਼ੇ ਸ਼ਾਮਲ ਹਨ।