ਨਵੀਂ ਦਿੱਲੀ: ਦੇਸ਼ ’ਚ ਪੈਟਰੋਲ ਦੀ ਕੀਮਤ 100 ਰੁਪਏ ਦੇ ਨੇੜੇ ਪੁੱਜਦੀ ਜਾ ਰਹੀ ਹੈ; ਜਿਸ ਨਾਲ ਸਰਕਾਰ ਨੂੰ ਤਿੱਖੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਸਥਾਨ ਦੇ ਗੰਗਾਨਗਰ ’ਚ ਬੀਤੀ 20 ਫ਼ਰਵਰੀ ਨੂੰ ਪੈਟਰੋਲ ਦੀ ਕੀਮਤ 100 ਰੁਪਏ 96 ਪੈਸੇ ਤੱਕ ਪੁੱਜ ਗਈ ਸੀ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਡੇ ਗੁਆਂਢੀ ਦੇਸ਼ਾਂ ਵਿੱਚ ਪੈਟਰੋਲ ਦੀ ਕੀਮਤ 50 ਰੁਪਏ ਤੱਕ ਘੱਟ ਹੈ, ਜਦ ਕਿ ਇਨ੍ਹਾਂ ’ਚੋਂ ਕਈ ਗੁਆਂਢੀ ਦੇਸ਼ਾਂ ਨੂੰ ਭਾਰਤ ਹੀ ਪੈਟਰੋਲ ਸਪਲਾਈ ਕਰਦਾ ਹੈ।
ਭੂਟਾਨ ‘ਚ ਉਂਝ ਤਾਂ ਮਹਿੰਗਾਈ ਹੈ ਪਰ ਬੀਤੀ 15 ਫ਼ਰਵਰੀ ਨੂੰ ਉੱਥੇ ਪੈਟਰੋਲ ਦੀ ਕੀਮਤ ਸਿਰਫ਼ 49 ਰੁਪਏ 56 ਪੈਸੇ ਪ੍ਰਤੀ ਲਿਟਰ ਸੀ। ਪਾਕਿਸਤਾਨ ’ਚ ਜ਼ਬਰਦਸਤ ਮਹਿੰਗਾਈ ਦੇ ਬਾਵਜੂਦ ਉੱਥੇ ਪੈਟਰੋਲ ਦੀ ਕੀਮਤ ਸਿਰਫ਼ 51 ਰੁਪਏ 14 ਪੈਸੇ। ਸ੍ਰੀ ਲੰਕਾ ਵਿੱਚ ਪੈਟਰੋਲ ਦੀ ਕੀਮਤ 60 ਰੁਪਏ 26 ਪੈਸੇ, ਨੇਪਾਲ ’ਚ 68 ਰੁਪਏ 98 ਪੈਸੇ ਪ੍ਰਤੀ ਲਿਟਰ ਹੈ।
ਬੰਗਲਾ ਦੇਸ਼ ਤੇ ਚੀਨ ਵਿੱਚ ਪੈਟਰੋਲ ਥੋੜ੍ਹਾ ਮਹਿੰਗਾ ਹੈ। ਬੰਗਲਾ ਦੇਸ਼ ਵਿੱਚ ਪੈਟਰੋਲ 76 ਰੁਪਏ 41 ਪੈਸੇ ਪ੍ਰਤੀ ਲਿਟਰ ਅਤੇ ਚੀਨ ਵਿੱਚ 74 ਰੁਪਏ 74 ਪੈਸੇ ਪ੍ਰਤੀ ਲਿਟਰ ਹੈ। ਫਿਰ ਵੀ ਇਨ੍ਹਾਂ ਦੇਸ਼ਾਂ ਵਿੱਚ ਭਾਰਤ ਦੇ ਮੁਕਾਬਲੇ ਪੈਟਰੋਲ 25 ਰੁਪਏ ਦੇ ਲਗਭਗ ਸਸਤਾ ਹੈ।
(ਰਾਊਂਡ ਕੀਤੀ ਕੀਮਤ)
ਭਾਰਤ – 92 ਰੁਪਏ
ਭੂਟਾਨ – 50 ਰੁਪਏ
ਬੰਗਲਾਦੇਸ਼ – 77 ਰੁਪਏ
ਸ੍ਰੀਲੰਕਾ – 61 ਰੁਪਏ
ਨੇਪਾਲ – 69 ਰੁਪਏ
ਪਾਕਿਸਤਾਨ – 52 ਰੁਪਏ
ਚੀਨ – 75 ਰੁਪਏ
ਦਰਅਸਲ, ਭਾਰਤ ਵਿੱਚ ਪੈਟਰੋਲ ਦੀ ਕੀਮਤ ਇਸ ਲਈ ਜ਼ਿਆਦਾ ਹੈ ਕਿਉੱਕਿ ਇੱਥੇ ਸਰਕਾਰੀ ਟੈਕਸ ਬਹੁਤ ਜ਼ਿਆਦਾ ਹਨ। ਭਾਰਤ ’ਚ ਪੈਟਰੋਲ ਦੀ ਕੀਮਤ ਉੱਤੇ ਭਾਰਤ ਸਰਕਾਰ 35 ਤੋਂ 40 ਫ਼ੀ ਸਦੀ ਟੈਕਸ ਲਾਉਂਦੀ ਹੈ; ਜਦ ਕਿ ਰਾਜ ਸਰਕਾਰਾਂ ਆਪਣਾ 17 ਤੋਂ 20 ਫ਼ੀ ਸਦੀ ਟੈਕਸ ਲਾਉਂਦੀਆਂ ਹਨ। ਇਸ ਤੋਂ ਇਲਾਵਾ 3.5 ਤੋਂ ਲੈ ਕੇ 4 ਫ਼ੀਸਦੀ ਤੱਕ ਡੀਲਰ ਦਾ ਕਮਿਸ਼ਨ ਵੀ ਹੁੰਦਾ ਹੈ।