ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 78ਵੇਂ ਐਪੀਸੋਡ ਨੂੰ ਸੰਬੋਧਨ ਕਰਨਗੇ। ਇਹ ਮੰਨਿਆ ਜਾਂਦਾ ਹੈ ਕਿ ਪੀਐਮ ਮੋਦੀ ਕੋਰੋਨਾ ਟੀਕਾਕਰਣ ਮੁਹਿੰਮ, ਕੋਰੋਨਾਵਾਇਰਸ ਮਹਾਮਾਰੀ ਦੇ ਨਵੇਂ ਡੈਲਟਾ ਪਲੱਸ ਵੇਰੀਐਂਟ ਸਮੇਤ ਕਈ ਮੁੱਦਿਆਂ 'ਤੇ ਗੱਲ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਸਨਿੱਚਰਵਾਰ ਨੂੰ ਇੱਕ ਟਵੀਟ ਵਿੱਚ ਲਿਖਿਆ, "ਭਲਕੇ ਸਵੇਰੇ 11 ਵਜੇ ਟਿਊਨ ਕਰੋ- ਮਨ ਕੀ ਬਾਤ।"


 

ਸਨਿੱਚਰਵਾਰ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦਾ ਇੱਕ ਪੁਰਾਣਾ ਐਪੀਸੋਡ ਵੀ ਸਾਂਝਾ ਕੀਤਾ, ਜਿਸ ਵਿੱਚ ਨਸ਼ਾਖੋਰੀ ਤੇ ਇਸ਼ਤਿਹਾਰਬਾਜ਼ੀ ਵਿਰੁੱਧ ਅੰਤਰਰਾਸ਼ਟਰੀ ਦਿਵਸ 'ਤੇ ਨਸ਼ਿਆਂ ਦੇ ਖ਼ਤਰੇ ਨੂੰ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪੀਐਮ ਮੋਦੀ ਨੇ ਟਵੀਟ ਕੀਤਾ, "ਆਓ ਅਸੀਂ ਨਸ਼ਾ ਮੁਕਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਅਤੇ ਸਹੀ ਜਾਣਕਾਰੀ ਸਾਂਝੀ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਈਏ। ਯਾਦ ਰੱਖੋ, ਨਸ਼ਾ ਨਾ ਤਾਂ ਚੰਗੀ ਚੀਜ਼ ਹੈ ਅਤੇ ਨਾ ਹੀ ਕੋਈ ਸਟਾਈਲ।"

 

ਨੱਡਾ ਨੇ ਵਰਕਰਾਂ ਨੂੰ ਕੀਤੀ ‘ਮਨ ਕੀ ਬਾਤ’ ਸੁਣਨ ਦੀ ਅਪੀਲ
ਇਸ ਦੇ ਨਾਲ ਹੀ, ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਵੀ ‘ਮਨ ਕੀ ਬਾਤ’ ਬਾਰੇ ਟਵੀਟ ਕੀਤਾ ਅਤੇ ਕਿਹਾ ਕਿ ਰੇਡੀਓ ਪ੍ਰੋਗਰਾਮ ਹਰ ਘਰ ਵਿੱਚ ਸੁਣਿਆ ਜਾਵੇਗਾ ਤੇ ਸਾਰੇ ਪਾਰਟੀ ਵਰਕਰਾਂ ਨੂੰ ਇਸ ਨੂੰ ਸੁਣਨ ਦੀ ਅਪੀਲ ਕੀਤੀ। ਨੱਡਾ ਨੇ ਟਵੀਟ ਕੀਤਾ, “ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਸ਼ਹੂਰ ‘ਮਨ ਕੀ ਬਾਤ’ ਦੇ ਹਵਾਲੇ ਨਾਲ ਕਈ ਚਿੱਠੀਆਂ ਮਿਲਦੀਆਂ ਰਹਿੰਦੀਆਂ ਹਨ। ‘ਮਨ ਕੀ ਬਾਤ’ ਘਰ-ਘਰ ਸੁਣਾਈ ਦਿੰਦੀ ਹੈ, ਜਿਵੇਂ ਘਰ ਦੇ ਬਜ਼ੁਰਗਾਂ ਨਾਲ ਹਲਕੀ ਗੱਲਬਾਤ ਹੁੰਦੀ ਹੈ।

 

ਇਸ ਲੜੀ ਵਿੱਚ, ਬੰਦਾ ਦੇ ਅਨੰਦ ਸਵਰੂਪ ਜੀ ਦਾ ਇਕ ਬਹੁਤ ਜਜ਼ਬਾਤੀ ਜਿਹੀ ਚਿੱਠੀ ਮਿਲੀ। ਅਨੰਦ ਸਵਰੂਪ ਜੀ ਨੇ ਆਪਣੀ ਚਿੱਠੀ ਵਿਚ ਬਹੁਤ ਸਾਰੇ ਸ਼ਲਾਘਾਯੋਗ ਸੁਝਾਅ ਦਿੱਤੇ ਹਨ। ਮੈਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਹਰ ਮਹੀਨੇ ਆਪਣੇ ਇਲਾਕੇ ਦੇ ਸਾਰੇ ਸਾਥੀਆਂ ਸਣੇ "ਮਨ ਕੀ ਬਾਤ" ਸੁਣਨ ਅਤੇ ਫਿਰ ਇਕ ਬੂਥ–ਮੀਟਿੰਗ ਕਰਨ, ਫਿਰ ਅਗਲੇ ਮਹੀਨੇ ਅਗਲੇ ਸਾਥੀ ਦੇ ਘਰ ਜਾ ਕੇ ਅਜਿਹਾ ਕਰਨ।"

 

ਪੀਐਮਓ ਦੀ ਵੈੱਬਸਾਈਟ 'ਤੇ ਹੋਵੇਗਾ ਸਿੱਧਾ ਪ੍ਰਸਾਰਣ
‘ਮਨ ਕੀ ਬਾਤ’ ਦਾ ਸਿੱਧਾ ਪ੍ਰਸਾਰਣ ਬੀਜੇਪੀ ਦੇ ਯੂ-ਟਿਊਬ ਚੈਨਲ ਅਤੇ ਪ੍ਰਧਾਨ ਮੰਤਰੀ ਦਫਤਰ ਦੀ ਵੈੱਬਸਾਈਟ 'ਤੇ ਕੀਤਾ ਜਾਵੇਗਾ। ਇਹ ਆਲ ਇੰਡੀਆ ਰੇਡੀਓ, ਦੂਰਦਰਸ਼ਨ ਦੇ ਪੂਰੇ ਨੈੱਟਵਰਕ ਤੇ ਆਲ ਇੰਡੀਆ ਰੇਡੀਓ ਨਿਊਜ਼ ਵੈੱਬਸਾਈਟ ਤੇ ਮੋਬਾਈਲ ਐਪ 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ।