ਨਵੀਂ ਦਿੱਲੀ: ਦਿੱਲੀ ਦੇ ਉੱਤਰ ਪੱਛਮੀ ਜ਼ਿਲ੍ਹੇ ‘ਚ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇੱਕ ਜਾਅਲੀ ਆਈਏਐਸ ਲੌਕਡਾਊਨ ਦੇ ਨਿਯਮਾਂ ਨੂੰ ਤੋੜ ਕੇ ਵਾਹਨ ਲੈ ਕੇ ਜਾ ਰਹੇ ਸੜਕ ‘ਤੇ ਘੁੰਮ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਪੁਲਿਸ ‘ਤੇ ਰੋਅਬ ਪਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਮੁਤਾਬਕ ਉਸ ਦੀ ਗੱਡੀ ‘ਤੇ ਦਿੱਲੀ ਪੁਲਿਸ ਦਾ ਲੋਗੋ ਲੱਗਿਆ ਸੀ, ਜਦੋਂ ਕਾਰ ਸਵਾਰ ਨੂੰ ਬੈਰੀਕੇਡ ‘ਤੇ ਰੋਕਿਆ ਗਿਆ ਤਾਂ ਉਹ ਗੁੱਸੇ ‘ਚ ਆ ਗਿਆ ਤੇ ਪੁਲਿਸ ਨਾਲ ਉਲਝ ਗਿਆ। ਮੁਲਜ਼ਮ ਨੇ ਭੜਾਸ ਕੱਢਦੇ ਹੋਏ ਆਪਣੇ ਆਪ ਨੂੰ ਗ੍ਰਹਿ ਮੰਤਰਾਲੇ ਦਾ ਸੀਨੀਅਰ ਆਈਏਐਸ ਦੱਸਿਆ ਤੇ ਪੁਲਿਸ ਵਾਲਿਆਂ ਨੂੰ ਕਿਹਾ, "ਤੁਸੀਂ ਕਾਰ ਦੀ ਜਾਂਚ ਕਰਨ ਦੀ ਹਿੰਮਤ ਕਿਸ ਤਰ੍ਹਾਂ ਕੀਤੀ।"


ਪੁਲਿਸ ਦਾ ਸਟਾਫ ਵੀ ਉਸ ਦੀ ਧਮਕੀ ਤੋਂ ਡਰ ਗਿਆ। ਇਸ ਤੋਂ ਬਾਅਦ ਕੇਸ਼ਵਪੁਰਮ ਦੇ ਐਸਐਚਓ ਉੱਥੇ ਪਹੁੰਚੇ। ਜਦੋਂ ਧਮਕੀ ਦੇਣ ਵਾਲੇ ਵਿਅਕਤੀ ਤੋਂ ਪਛਾਣ ਪੱਤਰ ਮੰਗਿਆ ਗਿਆ ਤਾਂ ਉਸ ਨੇ ਗ੍ਰਹਿ ਮੰਤਰਾਲੇ ਦੁਆਰਾ ਲਿਖੀ ਫਾਈਲ ਦਿਖਾਈ। ਇਹ ਵੀ ਦੱਸਿਆ ਗਿਆ ਕਿ ਉਹ 2009 ਬੈਚ ਦਾ ਆਈਏਐਸ ਅਧਿਕਾਰੀ ਹੈ। ਉਸ ਨੇ ਕਈ ਆਈਏਐਸ ਅਧਿਕਾਰੀਆਂ ਦੇ ਨਾਂ ਵੀ ਦੱਸੇ, ਪਰ ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਪੋਲ ਖੁੱਲ੍ਹ ਗਈ।

ਪੁਲਿਸ ਨੇ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਫੜ ਲਿਆ ਤੇ ਉਸ ਦੀ ਕਾਰ ਵੀ ਜ਼ਬਤ ਕਰ ਲਈ। ਮੁਲਜ਼ਮ ਦੀ ਪਛਾਣ 29 ਸਾਲਾ ਆਦਿਤਿਆ ਗੁਪਤਾ ਵਜੋਂ ਹੋਈ ਹੈ, ਜੋ ਕੇਸ਼ਵਪੁਰਮ ਖੇਤਰ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਇੱਕ ਠੇਕੇਦਾਰ ਹੈ। ਪੁਲਿਸ ਮੁਤਾਬਕ, ਮੁਲਜ਼ਮ ਲੌਕਡਾਊਨ ਦੌਰਾਨ ਬੱਸ ਸੈਰ ਕਰਨ ਤੇ ਟਸ਼ਨ ਮਾਰਨ ਲਈ ਜਾਅਲੀ ਆਈਏਐਸ ਬਣਿਆ ਸੀ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।