ਮੰਡੀ ਗੋਬਿੰਦਗੜ੍ਹ: ਅੱਜ ਸੋਮਵਾਰ ਸਵੇਰੇ ਪੁਲਿਸ ਤੇ ਆਪੋ ਆਪਣੇ ਰਾਜਾਂ ਨੂੰ ਜਾਣ ਲਈ ਪਹੁੰਚੇ ਮਜ਼ਦੂਰਾਂ ਵਿਚਾਲੇ ਝੜਪ ਹੋ ਗਈ। ਟ੍ਰੇਨ ਰੱਦ ਹੋਣ ਦੀ ਸੂਚਨਾ ਮਿਲਣ 'ਤੇ ਭੜਕੇ ਮਜ਼ਦੂਰਾਂ ਨੇ ਨੈਸ਼ਨਲ ਹਾਈਵੇ ਦੇ ਨਾਲ ਲਿੰਕ ਰੋਡ ਜਾਮ ਕਰ ਦਿੱਤਾ ਤੇ ਪੁਲਿਸ ‘ਤੇ ਪੱਥਰ ਸੁੱਟੇ। ਇਸ ਸਮੇਂ ਦੌਰਾਨ ਪੁਲਿਸ ਦੇ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਨੇ ਮਜ਼ਦੂਰਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਇਸ ਵਿੱਚ ਕਈ ਕਾਮੇ ਜ਼ਖਮੀ ਹੋਣ ਦੀ ਖ਼ਬਰ ਹੈ।


ਟ੍ਰੇਨ ਦੇ ਐਲਾਨ ਤੋਂ ਬਾਅਦ ਮਜ਼ਦੂਰ ਦੋ ਦਿਨ ਤੋਂ ਇੱਥੇ ਇਕੱਠੇ ਹੋਏ ਸੀ। ਅੱਜ ਸਵੇਰੇ ਉਹ ਰੇਲਵੇ ਸਟੇਸ਼ਨ ਜਾਣ ਲਈ ਬੱਸਾਂ ਦੀ ਉਡੀਕ ਕਰ ਰਹੇ ਸੀ। ਦੋ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ, ਜਦੋਂ ਬੱਸ ਨਹੀਂ ਆਈ ਤਾਂ ਮਜ਼ਦੂਰ ਗੁੱਸੇ ਵਿੱਚ ਆ ਗਏ। ਉਸੇ ਸਮੇਂ ਭੀੜ ਵਿੱਚੋਂ ਇੱਕ ਆਵਾਜ਼ ਆਈ ਕਿ ਟ੍ਰੇਨ ਰੱਦ ਕਰ ਦਿੱਤੀ ਗਈ ਹੈ।


ਇਸ ਤੋਂ ਮਜ਼ਦੂਰਾਂ ਨੂੰ ਹੋਰ ਗੁੱਸਾ ਆਇਆ। ਪੁਲਿਸ ਉਨ੍ਹਾਂ ਨੂੰ ਸਮਝਾਉਣ ਲਈ ਆਈ, ਪਰ ਰੇਲਵੇ ਸਟੇਸ਼ਨ ‘ਤੇ ਟ੍ਰੇਨ ਨਾ ਪਹੁੰਚਣ 'ਤੇ ਨਿਰਾਸ਼ ਮਜ਼ਦੂਰਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਇਸ ਦੌਰਾਨ ਕੁਝ ਲੋਕਾਂ ਨੇ ਪੁਲਿਸ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਕਈ ਵਾਹਨਾਂ ਦੇ ਦੇ ਸ਼ੀਸ਼ੇ ਟੁੱਟ ਗਏ।  ਮਜ਼ਦੂਰਾਂ ਦੇ ਅੰਦੋਲਨਕਾਰੀ ਪ੍ਰਦਰਸ਼ਨ ਨੂੰ ਵੇਖਦਿਆਂ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।


ਤੁਹਾਨੂੰ ਦੱਸ ਦਈਏ ਕਿ ਤਾਲਾਬੰਦੀ ਕਾਰਨ ਪੰਜਾਬ ਵਿੱਚ ਫਸੇ ਮਜ਼ਦੂਰਾਂ ਦੇ ਘਰ ਪਰਤਣ ਦੀ ਪ੍ਰਕਿਰਿਆ ਚੱਲ ਰਹੀ ਹੈ। ਐਤਵਾਰ ਨੂੰ 31,780 ਕਾਮੇ ਪੰਜਾਬ ਤੋਂ 20 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਘਰ ਪਰਤੇ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਤੋਂ ਆਏ ਕਾਮੇ ਸ਼ਾਮਲ ਹਨ। ਐਤਵਾਰ ਨੂੰ ਸਭ ਤੋਂ ਵੱਧ 19,200 ਮਜ਼ਦੂਰ ਲੁਧਿਆਣਾ ਤੋਂ 12 ਰੇਲ ਗੱਡੀਆਂ ‘ਚ ਗਏ।